ਪੰਜਾਬ ’ਚ ਕਿਸਾਨਾਂ ਨੂੰ ਵੱਧ ਪਾਵਰ ਦੇ ਸੋਲਰ ਪੰਪ ਦੇਵੇ ਕੇਂਦਰ: ਸਾਹਨੀ
ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਮਿਲਣ ਵਾਲੇ ਸੋਲਰ ਪੰਪਾਂ ਵਿੱਚ ਦਸ ਪਲਸ ਹਾਰਸ ਪਾਵਰ ‘ਐੱਚਪੀ’ ਸੋਲਰ ਪੰਪਾਂ ਨੂੰ ਪੀਐੱਮ ਕੁਸੁਮ ਸਕੀਮ ਅਧੀਨ ਸ਼ਾਮਲ ਕੀਤਾ ਜਾਵੇ। ਇਸ ਵੇਲੇ ਕਿਸਾਨਾਂ ਨੂੰ ਸਿਰਫ਼ ਸਾਢੇ ਸੱਤ ਹਾਰਸ ਪਾਵਰ ‘ਐੱਚਪੀ’ ਤੱਕ ਦੇ ਪੰਪ ਦਿੱਤੇ ਜਾਂਦੇ ਹਨ, ਜੋ ਕਿ ਡਾ. ਸਾਹਨੀ ਮੁਤਾਬਿਕ ਪੰਜਾਬ ਵਿੱਚ ਕੰਮ ਕਰਨ ਦੇ ਯੋਗ ਨਹੀਂ ਹਨ, ਜਿੱਥੇ ਭੂਮੀਗਤ ਪਾਣੀ ਦੀ ਵਰਤੋਂ ਦੇਸ਼ ਵਿੱਚ ਸਭ ਤੋਂ ਵੱਧ 164% ਹੈ। ਡਾ. ਸਾਹਨੀ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਦਸ ਪਲਸ ਹਾਰਸ ਪਾਵਰ ਸੋਲਰ ਪੰਪ ਦਿੱਤੇ ਜਾਂਦੇ ਹਨ, ਤਾਂ ਉਹ ਸਿੰਚਾਈ ਲਈ ਅਸਰਦਾਰ ਤਰੀਕੇ ਨਾਲ ਪਾਣੀ ਖਿੱਚ ਸਕਣਗੇ, ਅਤੇ ਇਸ ਨਾਲ ਪੰਜਾਬ ਦੇ ਵਧਦੇ ਬਿਜਲੀ ਸਬਸਿਡੀ ਦੇ ਬੋਝ ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਜਾ ਸਕੇਗਾ।
ਸੰਸਦ ਵਿੱਚ ਡਾ. ਸਾਹਨੀ ਵੱਲੋਂ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ, ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਨੇ ਦੱਸਿਆ ਕਿ ਭਾਰਤ ਭਰ ਵਿੱਚ ਅਲਾਟ ਕੀਤੇ ਗਏ 12.72 ਲੱਖ ਸੋਲਰ ਪੰਪਾਂ ਵਿੱਚੋਂ, ਪੰਜਾਬ ਵਿੱਚ ਸਿਰਫ਼ 15,999 ਸੋਲਰ ਪੰਪ ਹੀ ਲਗਾਏ ਗਏ ਹਨ।
ਡਾ. ਸਾਹਨੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ, ਲਾਗਤ ਦਾ ਇੱਕ ਤਿਹਾਈ ਹਿੱਸਾ ਕੇਂਦਰ, ਇੱਕ ਤਿਹਾਈ ਹਿੱਸਾ ਰਾਜ, ਅਤੇ ਬਾਕੀ ਰਕਮ ਕਿਸਾਨ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਤਹਿਤ ਦਿੱਤੇ ਗਏ ਪੰਪ ‘ਡੀਸੀਆਰ’ ਮਾਡਲ ਹਨ ਜੋ ਖੁੱਲ੍ਹੇ ਬਾਜ਼ਾਰ ਵਿੱਚ ਚੀਨੀ ਸੋਲਰ ਪੰਪਾਂ ਦੇ ਮੁਕਾਬਲੇ ਸਬਸਿਡੀ ਦੇ ਬਾਵਜੂਦ ਕਿਤੇ ਜ਼ਿਆਦਾ ਮਹਿੰਗੇ ਹਨ।
ਡਾ. ਸਾਹਨੀ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ ਆਸਾਨ ਬਣਾਉਣ ਲਈ ਪੰਪਾਂ ਦੀਆਂ ਵਾਧੂ ਕੀਮਤਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਡਾ. ਸਾਹਨੀ ਨੇ ਕਿਹਾ ਕਿ ਕਿਸਾਨਾਂ ਨੂੰ ਉੱਚ ਸਮਰੱਥਾ ਸੋਲਰ ਪੰਪ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿੰਚਾਈ ਦੇ ਇੱਕ ਵੱਡੇ ਹਿੱਸੇ ਨੂੰ ਗਰਿੱਡ ਪਾਵਰ ਤੋਂ ਸੋਲਰ ਵਿੱਚ ਤਬਦੀਲ ਕਰ ਸਕਦਾ ਹੈ।