ਪੰਜਾਬ ’ਚ ਨਸ਼ਾ ਤੇ ਮਨੁੱਖੀ ਤਸਕਰੀ ਰੋਕਣ ਲਈ ਕੇਂਦਰ ਕਦਮ ਚੁੱਕੇ: ਹਰਸਿਮਰਤ
ਸ਼੍ੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿੱਚ ਆਖਿਆ ਕਿ ਪੰਜਾਬ ਵਿੱਚ ਨਸ਼ਾ ਅਤੇ ਮਨੁੱਖੀ ਤਸਕਰੀ ਰੋਕਣ ਵਾਸਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਕਿਉਂਕਿ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਹੈ ਅਤੇ ਬੀ ਐੱਸ ਐੱਫ ਰਾਹੀਂ ਅਨੇਕਾਂ ਸਰਹੱਦੀ ਜ਼ਿਲ੍ਹਿਆਂ ’ਚ ਇਸ ਦਾ ਅਧਿਕਾਰ ਖੇਤਰ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨ ਦੀ ਇਸ ਲਈ ਲੋੜ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਨਸ਼ੇ ਰੋਕਣ ਵਿੱਚ ਨਾਕਾਮ ਰਹੀ ਹੈ ਅਤੇ ਅਗਲੀ ਪੀੜ੍ਹੀ ਦਾ ਭਵਿੱਖ ਦਾਅ ’ਤੇ ਹੈ। ਕੌਮੀ ਅਪਰਾਧ ਰਿਕਾਰਡਜ਼ ਬਿਊਰੋ (ਐੱਨ ਸੀ ਆਰ ਬੀ) ਦੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਮਾਮਲਿਆਂ ’ਚੋਂ 19 ਫੀਸਦੀ ਪੰਜਾਬ ਤੋਂ ਹਨ। ਪੰਜਾਬ ਵਿੱਚ ਅਪਰਾਧ ਦਰ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਦੀ ਦਰ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਦੱਸਿਆ ਕਿ ਸੂਬੇ ਵਿੱਚ ਨਸ਼ਿਆਂ ਦਾ ਪਸਾਰ ਆਮ ਹੈ ਅਤੇ ਹਾਈ ਕੋਰਟ ਨੇ ‘ਆਪ’ ਸਰਕਾਰ ਨੂੰ ਸੂਬੇ ਵਿੱਚ ਨਸ਼ਾ ਕਾਰੋਬਾਰ ’ਤੇ ਆਪਣਾ ਜਵਾਬ ਦਾਇਰ ਕਰਨ ਵਾਸਤੇ ਵੀ ਆਖਿਆ ਹੈ।
ਹਾਲਾਤ ਅਜਿਹੇ ਹਨ ਜਿਥੇ ਵਿਦਿਆਰਥੀ ਵੀ ਨਸ਼ਾ ਵੇਚ ਰਹੇ ਹਨ। ਨਸ਼ਾ ਕਰਨ ਵਾਸਤੇ ਜੋੜੇ ਨੇ ਆਪਣਾ ਪੰਜ ਮਹੀਨੇ ਦਾ ਬੱਚਾ ਹੀ ਵੇਚ ਦਿੱਤਾ ਹੈ। ਪਿੰਡਾਂ ਵਿੱਚ ਲੋਕ ਸ਼ਰ੍ਹੇਆਮ ਕੰਧਾਂ ’ਤੇ ਲਿਖ ਰਹੇ ਹਨ ਕਿ ਚਿੱਟਾ ਕਿੱਥੇ ਮਿਲਦਾ ਹੈ। ਕੇਂਦਰ ਨੂੰ ਪੰਜਾਬ ਵਿੱਚ ਲੋਕਾਂ ਦੀ ਜਾਨ ਦੀ ਰਾਖੀ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।
