ਭਗਵਾਨ ਵਾਲਮੀਕਿ ਜੈਅੰਤੀ ਮੌਕੇ ਸਮਾਗਮ
ਵਾਲਮੀਕਿ ਜੈਅੰਤੀ ਮੌਕੇ ਦਿੱਲੀ ਵਿੱਚ ਕਈ ਸਮਾਗਮ ਕੀਤੇ ਗਏ ਅਤੇ ਵੱਖ-ਵੱਖ ਧਾਰਮਿਕ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ। ਦਿੱਲੀ ਦੇ ਭਾਜਪਾ ਆਗੂਆਂ ਵੱਲੋਂ ਵੀ ਵੱਖ-ਵੱਖ ਥਾਵਾਂ ਉੱਪਰ ਵਾਲਮੀਕਿ ਜੈਅੰਤੀ ਨਾਲ ਸਬੰਧਿਤ ਹੋਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਤ੍ਰਿਲੋਕਪੁਰੀ ਵਿੱਚ ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਮੌਕੇ ਵਾਲਮੀਕਿ ਦਲਿਤ ਮਹਾਪੰਚਾਇਤ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਪਹਿਲੇ ਕਵੀ ਮਹਾਰਿਸ਼ੀ ਵਾਲਮੀਕਿ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਆਪਣੀ ਅਮਰ ਰਚਨਾ, ਰਾਮਾਇਣ ਰਾਹੀਂ, ਮਹਾਰਿਸ਼ੀ ਵਾਲਮੀਕਿ ਨੇ ਇਹ ਸੰਦੇਸ਼ ਦਿੱਤਾ ਕਿ ਸਮਾਜ ਦੀ ਅਸਲ ਤਾਕਤ ਦਇਆ, ਸਮਾਨਤਾ ਅਤੇ ਕਿਰਤ ਦੇ ਮਾਣ ਵਿੱਚ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਦੀਆਂ ਸਿੱਖਿਆਵਾਂ ਦਾ ਇੱਕ ਆਧੁਨਿਕ ਰੂਪ ਹੈ, ਜਿੱਥੇ ਸਮਾਜ ਦਾ ਹਰ ਵਰਗ ਅਤੇ ਹਰ ਵਿਅਕਤੀ ਬਰਾਬਰ ਮੌਕੇ ਅਤੇ ਸਤਿਕਾਰ ਦਾ ਹੱਕਦਾਰ ਹੈ। ਦਿੱਲੀ ਸਰਕਾਰ ਇਸ ਭਾਵਨਾ ਨਾਲ ਇੱਕ ‘ਸਹਿਯੋਗੀ ਸਮਾਜ’ ਬਣਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਹਰ ਵਿਅਕਤੀ ਨੂੰ ਵਿਕਾਸ, ਸਤਿਕਾਰ ਅਤੇ ਭਾਗੀਦਾਰੀ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਵਚਨਬੱਧ ਹੈ। ਇਸ ਮੌਕੇ ਵਿਧਾਇਕ ਰਵੀਕਾਂਤ ਸਮੇਤ ਕਈ ਪਤਵੰਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਰਾਮਾਇਣ ਦਾ ਹਰ ਕਿੱਸਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਸ਼ਾਸਨ ਸੇਵਾ ਦਾ ਸੰਕਲਪ ਬਣ ਜਾਂਦਾ ਹੈ ਤੇ ਹਰੇਕ ਨਾਗਰਿਕ ਲਈ ਸਤਿਕਾਰ ਯਕੀਨੀ ਬਣਾਇਆ ਜਾਂਦਾ ਹੈ, ਤਾਂ ਹੀ ਰਾਮਰਾਜ ਸਾਕਾਰ ਹੋ ਸਕਦਾ ਹੈ।