ਪਸ਼ੂ ਵਪਾਰੀਆਂ ਨੇ ਫਿਰੌਤੀ ਗਰੋਹ ਖ਼ਿਲਾਫ਼ ਕਾਰਵਾਈ ਮੰਗੀ
ਰਤੀਆ ਇਲਾਕੇ ਦੇ ਪਸ਼ੂ ਵਪਾਰੀਆਂ ਵਿੱਚ ਗਰੋਹ ਵੱਲੋਂ ਲਗਾਤਾਰ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਸੈਂਕੜੇ ਵਪਾਰੀਆਂ ਨੇ ਥਾਣਾ ਅਗਰੋਹਾ ਵਿੱਚ ਇਕੱਠੇ ਹੋ ਕੇ ਪੁਲੀਸ ਨੂੰ ਪੱਤਰ ਸੌਂਪਿਆ ਅਤੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰੋਹ ਨੇ ਹਾਲ ਹੀ ਵਿੱਚ ਪਿੰਡ ਨੰਗਲ ਦੇ ਪਸ਼ੂ ਵਪਾਰੀਆਂ ਦੀ ਇੱਕ ਗੱਡੀ ਨੂੰ ਅਗਰੋਹਾ ਟੌਲ ਪਲਾਜ਼ਾ ’ਤੇ ਪਿਸਤੌਲ ਦੀ ਨੋਕ ’ਤੇ ਰੋਕ ਲਿਆ ਅਤੇ ਡਰਾਈਵਰ ਨੂੰ ਅਗਵਾ ਕਰਕੇ ਆਪਣੇ ਪਿੰਡ ਢੂੰਢਟ ਲੈ ਗਏ।
ਵਪਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਡਰਾਈਵਰ ਦੇ ਸਿਰ ’ਤੇ ਪਿਸਤੌਲ ਰੱਖ ਕੇ 50 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਜਿਵੇਂ ਪਹਿਲਾਂ ਇੱਕ ਵਪਾਰੀ ਨੂੰ ਮਾਰਿਆ ਸੀ, ਉਸੇ ਤਰ੍ਹਾਂ ਇਸ ਡਰਾਈਵਰ ਨੂੰ ਵੀ ਮਾਰ ਦੇਣਗੇ। ਵਪਾਰੀਆਂ ਨੇ ਡਰ ਦੇ ਮਾਰੇ ਮੁਲਜ਼ਮਾਂ ਵੱਲੋਂ ਦਿੱਤੇ ਗਏ ਇੱਕ ਮੋਬਾਈਲ ਨੰਬਰ ‘ਤੇ 30 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਭੇਜੇ, ਜਿਸ ਤੋਂ ਬਾਅਦ ਹੀ ਡਰਾਈਵਰ ਅਤੇ ਗੱਡੀ ਨੂੰ ਛੱਡਿਆ ਗਿਆ। ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਵਪਾਰੀਆਂ ਨੇ ਕਿਹਾ ਕਿ ਉਹ ਪਸ਼ੂਆਂ ਦਾ ਵਪਾਰ ਕਰਕੇ ਹੀ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਦੇ ਹਨ, ਪਰ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਉਹ ਅਤੇ ਉਨ੍ਹਾਂ ਦੇ ਪਰਿਵਾਰ ਸਹਿਮ ਦੇ ਮਾਹੌਲ ਵਿੱਚ ਜੀਅ ਰਹੇ ਹਨ। ਉਨ੍ਹਾਂ ਨੇ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।