ਮੈਟਰੋ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ’ਤੇ ਦੋ ਸ਼ੱਕੀਆਂ ਖ਼ਿਲਾਫ਼ ਕੇਸ ਦਰਜ
ਦਿੱਲੀ ਪੁਲੀਸ ਨੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਅਤੇ ਸਟੇਸ਼ਨ ਦੀਆਂ ਕੰਧਾਂ ’ਤੇ ਇਤਰਾਜ਼ਯੋਗ ਚਿੱਤਰ ਬਣਾਉਣ ਦੇ ਦੋਸ਼ ਹੇਠ ਦੋ ਸ਼ੱਕੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਸ਼ਿਕਾਇਤ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਵੱਲੋਂ ਦਰਜ ਕੀਤੀ ਗਈ ਹੈ, ਜਿਸ ਵਿੱਚ ਮੈਟਰੋ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਬਾਰੇ ਕਿਹਾ ਗਿਆ ਹੈ। ਮਾਮਲੇ ਦੀ ਮੁਢਲੀ ਜਾਂਚ ਵਿੱਚ ਦੋ ਸਪੈਨਿਸ਼ ਨਾਗਰਿਕਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਸ ਕਾਰਵਾਈ ਪਿੱਛੇ ਉਨ੍ਹਾਂ ਦੀ ਸਹੀ ਪਛਾਣ ਅਤੇ ਉਦੇਸ਼ ਅਜੇ ਵੀ ਜਾਂਚ ਹੇਠ ਹਨ। ਪੁਲੀਸ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੀ ਹੈ ਅਤੇ ਸ਼ੱਕੀਆਂ ਦੇ ਭਾਰਤ ਵਿੱਚ ਦਾਖ਼ਲੇ ਅਤੇ ਉਨ੍ਹਾਂ ਦੀਆਂ ਹੋਰ ਸਰਗਰਮੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਸੂਤਰਾਂ ਅਨੁਸਾਰ ਇਹ ਘਟਨਾ 23 ਜੁਲਾਈ ਦੀ ਰਾਤ ਅਤੇ 24 ਜੁਲਾਈ ਦੀ ਸਵੇਰ ਦੇ ਵਿਚਕਾਰ ਵਾਪਰੀ। ਦੋਵੇਂ ਸ਼ੱਕੀਆਂ ਨੇ ਅੱਠ ਤੋਂ ਦਸ ਫੁੱਟ ਉੱਚੀ ਕੰਧ ’ਤੇ ਚੜ੍ਹਨ ਲਈ ਸਟੇਸ਼ਨ ਦੀ ਹੱਦ ਦੇ ਨੇੜੇ ਇੱਕ ਦਰੱਖਤ ਦੀ ਵਰਤੋਂ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਮੈਟਰੋ ਡਿਪੂ ਦੇ ਨੇੜੇ ਇੱਕ 15 ਫੁੱਟ ਉੱਚੀ ਕੰਧ ’ਤੇ ਰੱਸੀ ਸੁੱਟਦੇ ਹੋਏ ਦੇਖਿਆ ਗਿਆ। ਜਿਸ ਦੀ ਵਰਤੋਂ ਅੰਦਰ ਚੜ੍ਹਨ ਲਈ ਕੀਤੀ ਗਈ। ਅੰਦਰ ਜਾਣ ਤੋਂ ਬਾਅਦ ਦੋਵਾਂ ਨੇ ਸਟੇਸ਼ਨ ਦੀਆਂ ਕੰਧਾਂ ’ਤੇ ਚਿੱਤਰ (ਗ੍ਰੈਫਿਟੀ) ਪੇਂਟ ਕਰਨ ਵਿੱਚ ਕਾਫ਼ੀ ਸਮਾਂ ਬਿਤਾਇਆ। ਡਿਜ਼ਾਈਨਾਂ ਵਿੱਚ ਤਿਕੋਣ, ਵੱਡੇ ਚੱਕਰ ਅਤੇ ਹੋਰ ਇਤਰਾਜ਼ਯੋਗ ਪੈਟਰਨ ਸ਼ਾਮਲ ਸਨ।