ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਦੀ ਤਸਵੀਰ ਦੇਵੀ ਦੁਰਗਾ ਦੇ ਪੈਰਾਂ ਕੋਲ ਰੱਖਣ ਦਾ ਮਾਮਲਾ ਭਖਿਆ

ਮੁੱਖ ਮੰਤਰੀ ਰੇਖਾ ਗੁਪਤਾ ਦੇ ਬਿਆਨ ਦਾ ‘ਆਪ’ ਵੱਲੋਂ ਵਿਰੋਧ; ਭਾਜਪਾ ਸਰਕਾਰ ’ਤੇ ਸੇਧੇ ਨਿਸ਼ਾਨੇ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੁਰਗਾ ਪੂਜਾ ਪ੍ਰਬੰਧਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਦੇਵੀ ਦੁਰਗਾ ਦੇ ਪੈਰਾਂ ਕੋਲ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਅਤੇ ਲੰਮੀ ਉਮਰ ਲਈ ਅਸ਼ੀਰਵਾਦ ਲਿਆ ਜਾ ਸਕੇ, ਜਿਸ ’ਤੇ ਰਾਜਨੀਤਿਕ ਪਾਰਟੀਆਂ ਵੱਲੋਂ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਬਿਆਨ ਦੀ ‘ਆਪ’ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਆਲੋਚਨਾ ਕੀਤੀ, ਉਨ੍ਹਾਂ ਕਿਹਾ ਕਿ ਭਾਜਪਾ ‘ਬੰਗਾਲੀ ਮਾਣ ਖਰੀਦਣ’ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਅੰਦਰ ਕਈ ਹਲਕਿਆਂ ਅੰਦਰ ਪੱਛਮੀ ਬੰਗਾਲ ਦੇ ਮੂਲ ਨਿਵਾਸੀ ਆ ਕੇ ਰਹਿੰਦੇ ਹਨ ਜੋ ਜ਼ਿਆਦਾਤਾਰ ਨੌਕਰੀ ਪੇਸ਼ਾ ਹਨ। ਜਾਣਕਾਰੀ ਅਨੁਸਾਰ ਗੁਪਤਾ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ ਨੂੰ ਮਨਾਉਣ ਲਈ ਇੱਕ ਸੇਵਾ ਮੁਹਿੰਮ ‘ਸੇਵਾ ਪਖਵਾੜਾ’ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਇਹ ਅਪੀਲ ਕੀਤੀ ਸੀ। ਇਹ ਮੁਹਿੰਮ ਦੋ ਅਕਤੂਬਰ ਤੱਕ ਦਿੱਲੀ ਭਰ ਵਿੱਚ ਚੱਲੇਗੀ। ਰੇਖਾ ਗੁਪਤਾ ਨੇ ਦੁਰਗਾ ਪੂਜਾ ਅਤੇ ਰਾਮਲੀਲਾ ਪ੍ਰਬੰਧਕਾਂ ਨੂੰ ਸਰਕਾਰੀ ਸਹਾਇਤਾ ਦਾ ਭਰੋਸਾ ਵੀ ਦਿੱਤਾ, ਜਿਸ ਵਿੱਚ 1,200 ਯੂਨਿਟ ਤੱਕ ਮੁਫ਼ਤ ਬਿਜਲੀ, ਬਿਹਤਰ ਸੁਰੱਖਿਆ ਉਪਾਅ ਅਤੇ ਮੂਰਤੀ ਵਿਸਰਜਨ ਲਈ ਨਿਰਧਾਰਤ ਸਥਾਨ ਸ਼ਾਮਲ ਹਨ। ਮੁੱਖ ਮੰਤਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ 17 ਸਤੰਬਰ ਨੂੰ ਹੈ। ਇਸ ਵਾਰ ਦਿੱਲੀ ਉਨ੍ਹਾਂ ਦੇ ਜਨਮਦਿਨ ਨੂੰ ਸੇਵਾ ਪਖਵਾੜੇ ਵਜੋਂ ਮਨਾਏ। ਇਸ ਲਈ, 17 ਸਤੰਬਰ ਤੋਂ 2 ਅਕਤੂਬਰ ਤੱਕ, ਦਿੱਲੀ ਵਿੱਚ ਸੇਵਾ ਦੇ ਬਹੁਤ ਸਾਰੇ ਕੰਮ ਕੀਤੇ ਜਾਣਗੇ। ਉਨ੍ਹਾਂ ਅਪੀਲ ਕੀਤੀ, “ਮੈਂ ਚਾਹੁੰਦੀ ਹਾਂ ਕਿ ਤੁਸੀਂ ਦਿਨ ਵੇਲੇ ਦੁਰਗਾ ਪੂਜਾ ਪੰਡਾਲਾਂ ਵਿੱਚ ਵੀ ਕੁਝ ਸੇਵਾ ਕਰੋ। ਪ੍ਰਧਾਨ ਮੰਤਰੀ ਦੀ ਲੰਮੀ ਉਮਰ ਅਤੇ ਸਿਹਤ ਲਈ, ਮਾਂ ਦੁਰਗਾ ਦੇ ਪੈਰਾਂ ਕੋਲ ਉਨ੍ਹਾਂ ਦੀ ਫੋਟੋ ਜ਼ਰੂਰ ਲਗਾਓ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਓ।” ਮੁੱਖ ਮੰਤਰੀ ਦੇ ਬਿਆਨ ਦੀ ਆਮ ਆਦਮੀ ਪਾਰਟੀ ਵੱਲੋਂ ਆਲੋਚਨਾ ਕੀਤੀ ਗਈ। ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਸਵਾਲ ਕੀਤਾ, “ਕੀ ਬੰਗਾਲੀ ਭਰਾਵਾਂ ਅਤੇ ਭੈਣਾਂ ਨੂੰ ਮਾਂ ਦੁਰਗਾ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਵੀ ਪੂਜਾ ਕਰਨੀ ਪਵੇਗੀ।” ਉਨ੍ਹਾਂ ਕਿਹਾ ਕਿ 1,200 ਯੂਨਿਟ ਮੁਫ਼ਤ ਬਿਜਲੀ ਦਾ ਮਤਲਬ ਹੈ ਕਿ ਭਾਜਪਾ ਸਰਕਾਰ 12,000 ਰੁਪਏ ਵਿੱਚ ਬੰਗਾਲੀ ਮਾਣ ਅਤੇ ਵਿਸ਼ਵਾਸ ਖਰੀਦਣਾ ਚਾਹੁੰਦੀ ਹੈ।

Advertisement

‘ਆਪ’ ਦਾ ਬਿਆਨ ਸਿਆਸੀ ਮੌਕਾਪ੍ਰਸਤੀ: ਭਾਜਪਾ

‘ਆਪ’ ਦੇ ਦਿੱਤੇ ਬਿਆਨ ਦੇ ਜਵਾਬ ਵਿੱਚ ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਦੋਸ਼ ਨੂੰ ਰੱਦ ਕਰਦੇ ਹੋਏ ਇਸ ਨੂੰ ‘ਸਿਆਸੀ ਮੌਕਾਪ੍ਰਸਤੀ’ ਦੱਸਿਆ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ‘ਆਪ’ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਨ ਦੀ ਬੇਨਤੀ ’ਤੇ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਸਨੀਕ ਜਾਣਦੇ ਹਨ ਕਿ ਕਿਵੇਂ ‘ਆਪ’ ਸਰਕਾਰ ਨੇ ਕਮੇਟੀਆਂ ਨੂੰ ਆਪਣੇ ਨੇਤਾਵਾਂ ਦੇ ਬੈਨਰ ਲਿਖਣ ਕਰਨ ਲਈ ਮਜਬੂਰ ਕੀਤਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਕੇਜਰੀਵਾਲ ਸਰਕਾਰ ਨੇ ਵੱਖ-ਵੱਖ ਪੂਜਾ ਸਮਿਤੀਆਂ ਨੂੰ ਕੇਜਰੀਵਾਲ, ਸਿਸੋਦੀਆ ਅਤੇ ਸਥਾਨਕ ਵਿਧਾਇਕਾਂ ਦੇ ਬੈਨਰ ਅਤੇ ਤਸਵੀਰਾਂ ਲਗਾਉਣ ਲਈ ਮਜਬੂਰ ਕੀਤਾ ਸੀ।

ਤ੍ਰਿਣਮੂਲ ਕਾਂਗਰਸ ’ਤੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼

ਇਸ ਦੌਰਾਨ ਭਾਜਪਾ ਨੇਤਾ ਅਤੇ ਪੱਛਮੀ ਬੰਗਾਲ ਦੇ ਬਾਲੁਰਘਾਟ ਤੋਂ ਲੋਕ ਸਭਾ ਮੈਂਬਰ ਸੁਕਾਂਤਾ ਮਜੂਮਦਾਰ ਨੇ ਤ੍ਰਿਣਮੂਲ ਕਾਂਗਰਸ ‘ਟੀ.ਐੱਮ.ਸੀ’ ‘ਤੇ ਗਲਤ ਬਿਆਨ ਪੇਸ਼ ਕਰਨ ਦਾ ਦੋਸ਼ ਲਗਾਇਆ। ਮਜੂਮਦਾਰ ਨੇ ਕਿਹਾ ਕਿ ਟੀ.ਐੱਮ.ਸੀ ਦਾਅਵਾ ਕਰ ਰਹੀ ਹੈ ਕਿ ਰੇਖਾ ਗੁਪਤਾ ਨੇ ਕਿਹਾ ਸੀ ਕਿ ਸਿਰਫ਼ ਉਨ੍ਹਾਂ ਪੂਜਾ ਕਮੇਟੀਆਂ ਨੂੰ ਹੀ ਅਜਿਹੇ ਫਾਇਦੇ ਮਿਲਣਗੇ ਜੋ ਮੋਦੀ ਦੀ ਮੂਰਤੀ ਰੱਖਣਗੀਆਂ। ਇਹ ਪੂਰੀ ਤਰ੍ਹਾਂ ਝੂਠ ਹੈ। ਉਨ੍ਹਾਂ ਦੀ ਅਪੀਲ ਸੀ ਕਿ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਪੂਜਾ ਦੌਰਾਨ 75 ਸਾਲ ਪੂਰੇ ਕਰਨਗੇ, ਜੇਕਰ ਉਹ ਉਨ੍ਹਾਂ ਦੀ ਫੋਟੋ ਮਾਂ ਦੁਰਗਾ ਦੇ ਪੈਰਾਂ ਕੋਲ ਰੱਖਣਗੇ ਤਾਂ ਉਨ੍ਹਾਂ ਨੂੰ ਆਸ਼ੀਰਵਾਦ ਮਿਲੇਗਾ। ਮਜੂਮਦਾਰ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ।

Advertisement
Show comments