ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੀਅਰ ਕੈਂਪ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲਜਾਂ ’ਚ ਚੱਲ ਰਹੇ ਦਾਖਲਿਆਂ ਦੌਰਾਨ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇਣ ਲਈ ਕਮੇਟੀ ਦੇ ਦਫਤਰ ਦੇ ਕਾਨਫ਼ਰੰਸ ਹਾਲ ਵਿੱਚ ਕਰੀਅਰ ਕੈਂਪ ਲਗਾਇਆ ਹੋਇਆ ਹੈ। ਇਸ ਕੈਂਪ ਵਿੱਚ ਵੱਖ-ਵੱਖ ਸਿੱਖਿਆ ਸੰਸਥਾਵਾਂ ਅਤੇ ਕਾਲਜਾਂ ਦੇ ਅਮਲੇ ਵੱਲੋਂ ਨਵੇਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਕਮੇਟੀ ਦੇ ਚਾਰੋਂ ਕਾਲਜਾਂ, ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਗੁਰੂ ਨਾਨਕ ਦੇਵ ਕਾਲਜ ਅਤੇ ਮਾਤਾ ਸੁੰਦਰੀ ਕਾਲਜ ਦਾ ਅਮਲਾ ਵਿਦਿਆਰਥੀਆਂ ਨੂੰ ਦਾਖਲਿਆਂ ਸਬੰਧੀ ਜਾਣਕਾਰੀ ਦੇ ਰਿਹਾ ਹੈ। ਇਸ ਤੋਂ ਇਲਾਵਾ ਕੈਂਪ ਵਿੱਚ ਦਿੱਲੀ ਕਮੇਟੀ ਦੀਆਂ ਤਕਨੀਕੀ ਸਿੱਖਿਆ ਦੀਆਂ ਸੰਸਥਾਵਾਂ ਵੀ ਸ਼ਾਮਲ ਹਨ। ਗੁਰੂ ਤੇਗ਼ ਬਹਾਦਰ ਇੰਜਨੀਅਰਿੰਗ ਕਾਲਜ, ਗੁਰੂ ਹਰਿਕ੍ਰਿਸ਼ਨ ਪ੍ਰਾਈਵੇਟ ਆਈਟੀਆਈ ਸਣੇ ਗੁਰੂ ਗੋਬਿੰਦ ਸਿੰਘ ਇੰਦਰਪਰਸਤ ਯੂਨੀਵਰਸਿਟੀ ਨਾਲ ਜੁੜੇ ਹੋਰ ਕਾਲਜ ਵੀ ਸ਼ਾਮਲ ਹਨ। ਇਸ ਕੈਂਪ ਵਿੱਚ ਵਿਦਿਆਰਥੀ ਅਤੇ ਮਾਪੇ ਰੋਜ਼ਾਨਾ ਆ ਕੇ ਦਾਖਲਿਆਂ ਸਬੰਧੀ ਜਾਣਕਾਰੀ ਲੈ ਰਹੇ ਹਨ।