ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਹੈਦਰਪੁਰ ਮੈਟਰੋ ਸਟੇਸ਼ਨ ਨੇੜੇ ਮੁਕਰਬਾ ਚੌਕ ਫਲਾਈਓਵਰ ਤੋਂ ਇੱਕ ਕਾਰ ਰੇਲਵੇ ਪਟੜੀ ’ਤੇ ਡਿੱਗ ਗਈ, ਜਿਸ ਕਾਰਨ ਇੱਕ ਘੰਟੇ ਤਕ ਰੇਲ ਆਵਾਜਾਈ ਪ੍ਰਭਾਵਿਤ ਰਹੀ। ਇਹ ਘਟਨਾ ਸਮੈਪੁਰ ਬਾਦਲੀ ਪੁਲੀਸ ਸਟੇਸ਼ਨ ਦੇ ਖੇਤਰ ਵਿੱਚ ਵਾਪਰੀ। ਪੁਲੀਸ ਅਨੁਸਾਰ ਇੱਕ ਕਾਰ ਪਲਟ ਗਈ ਅਤੇ ਰਿੰਗ ਰੋਡ ਦੇ ਹੇਠਾਂ ਰੇਲਵੇ ਪਟੜੀ ’ਤੇ ਜਾ ਡਿੱਗੀ। ਕਾਰ ਦਾ ਚਾਲਕ ਕੰਟਰੋਲ ਗੁਆ ਬੈਠਾ, ਜਿਸ ਮਗਰੋਂ ਇਹ ਦੁਰਘਟਨਾ ਵਾਪਰੀ। ਰੇਲਵੇ ਅਧਿਕਾਰੀਆਂ ਮੁਤਾਬਕ ਰੇਲ ਆਵਾਜਾਈ ਘੱਟੋ-ਘੱਟ ਇੱਕ ਘੰਟੇ ਲਈ ਪ੍ਰਭਾਵਿਤ ਰਹੀ ਕਿਉਂਕਿ ਪਟੜੀ ਖਾਲੀ ਕਰਨ ਲਈ ਰੇਲ ਆਵਾਜਾਈ ਰੋਕਣੀ ਪਈ। ਕਾਰ ਨੂੰ ਕ੍ਰੇਨ ਦੀ ਮਦਦ ਨਾਲ ਹਟਾਇਆ ਗਿਆ। ਕਾਰ ਚਾਲਕ ਨੇ ਪੁਲੀਸ ਨੂੰ ਦੱਸਿਆ ਕਿ ਉਹ ਪੀਰਾ ਗੜ੍ਹੀ ਤੋਂ ਗਾਜ਼ੀਆਬਾਦ ਜਾ ਰਿਹਾ ਸੀ ਜਦੋਂ ਉਸ ਨੇ ਰੇਲਵੇ ਪਟੜੀਆਂ ਦੇ ਉੱਪਰ ਫਲਾਈਓਵਰ ’ਤੇ ਵਾਹਨ ਤੋਂ ਕੰਟਰੋਲ ਗੁਆ ਲਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਰ ਕਥਿਤ ਤੌਰ ’ਤੇ ਸਾਈਡ ਫੁੱਟਪਾਥ ਨਾਲ ਟਕਰਾ ਗਈ, ਰੇਲਿੰਗ ਤੋੜਦੀ ਹੋਈ ਅਤੇ ਘਾਹ ਵਾਲੀ ਢਲਾਣ ਤੋਂ ਹੇਠਾਂ ਉਤਰਨ ਤੋਂ ਬਾਅਦ ਰੇਲ ਪਟੜੀ ’ਤੇ ਡਿੱਗ ਗਈ। ਕਾਰ ਚਾਲਕ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਘਟਨਾ ਵਿੱਚ ਕਾਲ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਕੋਈ ਗੰਭੀਰ ਸੱਟ ਲੱਗਣ ਦੀ ਜਾਣਕਾਰੀ ਨਹੀਂ ਮਿਲੀ। ਘਟਨਾ ਸਥਾਨ ਤੋਂ ਇਕ ਮੋਟਰਸਾਈਕਲ ਵੀ ਮਿਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਪਿਛਲੇ ਦਿਨ ਤੋਂ ਉੱਥੇ ਸੀ ਅਤੇ ਕਾਰ ਹਾਦਸੇ ਨਾਲ ਸਬੰਧਤ ਨਹੀਂ ਸੀ। ਪੁਲੀਸ ਇਸ ਮਾਮਲੇ ਵਿੱਚ ਹੋਰ ਜਾਂਚ ਕਰ ਰਹੀ ਹੈ।