CAQM ਦਾ ਸਪੱਸ਼ਟੀਕਰਨ; ਦਿੱਲੀ-ਐਨ.ਸੀ.ਆਰ ਵਿੱਚ GRAP ਦਾ ਚੌਥਾ ਪੜਾਅ ਲਾਗੂ ਨਹੀਂ ਹੋਇਆ
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ-ਐੱਨਸੀਆਰ (NCR) ਵਿੱਚ GRAP (ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ) ਦਾ ਚੌਥਾ ਪੜਾਅ ਲਾਗੂ ਹੋਣ ਦੀਆਂ ਖ਼ਬਰਾਂ ਗ਼ਲਤ ਹਨ ਅਤੇ ਲੋਕਾਂ ਨੂੰ ਅਜਿਹੀ ਗਲਤ ਜਾਣਕਾਰੀ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
CAQM ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਨਿਊਜ਼ ਚੈਨਲ ਅਤੇ ਡਿਜੀਟਲ ਪਲੇਟਫਾਰਮ ਇਹ ‘ਗੁੰਮਰਾਹਕੁੰਨ ਜਾਣਕਾਰੀ’ ਫੈਲਾ ਰਹੇ ਹਨ ਕਿ ਦਿੱਲੀ-ਐਨਸੀਆਰ ਵਿੱਚ ਐਮਰਜੈਂਸੀ ਪਾਬੰਦੀਆਂ ਦਾ ਸਭ ਤੋਂ ਉੱਚਾ ਪੱਧਰ ਲਗਾਇਆ ਗਿਆ ਹੈ।
CAQM ਨੇ ਕਿਹਾ ਕਿ ਇਸ ਸਮੇਂ ਪੂਰੇ ਐਨਸੀਆਰ ਵਿੱਚ GRAP ਦਾ ਤੀਜਾ ਪੜਾਅ ਹੀ ਲਾਗੂ ਰਹੇਗਾ, ਨਾ ਕਿ ਚੌਥਾ ਪੜਾਅ।
ਉਨ੍ਹਾਂ ਨੇ ਲੋਕਾਂ ਅਤੇ ਹਿੱਸੇਦਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ CAQM ਵੱਲੋਂ ਜਾਰੀ ਕੀਤੀਆਂ ਅਧਿਕਾਰਤ ਜਾਣਕਾਰੀਆਂ/ਪ੍ਰੈੱਸ ਰਿਲੀਜ਼ਾਂ ’ਤੇ ਹੀ ਭਰੋਸਾ ਕਰਨ।
ਦੱਸ ਦਈਏ ਕਿ GRAP ਦਾ ਤੀਜਾ ਪੜਾਅ ਉਦੋਂ ਲਾਗੂ ਹੁੰਦਾ ਹੈ ਜਦੋਂ ਹਵਾ ਗੁਣਵੱਤਾ ਸੂਚਕ ਅੰਕ (AQI) ਗੰਭੀਰ (Severe) ਸ਼੍ਰੇਣੀ ਵਿੱਚ ਪਹੁੰਚ ਜਾਂਦਾ ਹੈ (401 ਤੋਂ 500 ਦੇ ਵਿਚਕਾਰ AQI)।
GRAP ਦੇ ਚੌਥੇ ਪੜਾਅ ਵਿੱਚ ਪਾਬੰਦੀਆਂ ਬਹੁਤ ਜ਼ਿਆਦਾ ਸਖ਼ਤ ਹੁੰਦੀਆਂ ਹਨ, ਜਿਨ੍ਹਾਂ ਵਿੱਚ ਆਮ ਤੌਰ ’ਤੇ ਸਾਰੀਆਂ ਉਸਾਰੀ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਦਿੱਲੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਦਾਖਲੇ ’ਤੇ ਰੋਕ ਅਤੇ ਸਕੂਲ ਅਤੇ ਗ਼ੈਰ-ਜ਼ਰੂਰੀ ਵਪਾਰਕ ਗਤੀਵਿਧੀਆਂ ਨੂੰ ਬੰਦ ਕਰਨਾ ਸ਼ਾਮਿਲ ਹੁੰਦਾ ਹੈ। ਇਸ ਤੋਂ ਇਲਾਵਾ ਨਿੱਜੀ ਵਾਹਨਾਂ ’ਤੇ Odd-Even ਜਾਂ ਇਸ ਤਰ੍ਹਾਂ ਦੀਆਂ ਹੋਰ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।
