ਭਾਰੀ ਮੀਂਹ ਕਾਰਨ ਰਾਜਧਾਨੀ ਵਿੱਚ ਜਲ-ਥਲ
ਕੌਮੀ ਰਾਜਧਾਨੀ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈਣ ਕਾਰਨ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਵਸੰਤ ਕੁੰਜ, ਆਰਕੇ. ਪੁਰਮ, ਕਨਾਟ ਪਲੇਸ ਅਤੇ ਮਿੰਟੋ ਬ੍ਰਿਜ ਸਮੇਤ ਕਈ ਖੇਤਰਾਂ ਵਿੱਚ ਭਾਰੀ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਏਮਜ਼ ਅਤੇ ਬਾਰਾਪੁਲਾ ਫ਼ਲਾਈਓਵਰ ਨੇੜੇ ਆਵਾਜਾਈ ਹੌਲੀ-ਹੌਲੀ ਚੱਲੀ। ਇਸ ਤੋਂ ਇਲਾਵਾ ਮਥੁਰਾ ਰੋਡ ‘ਤੇ ਵੀ ਬਾਰੀ ਪਾਣੀ ਭਰੇ ਜਾਣ ਦੀ ਜਾਣਕਾਰੀ ਹੈ। ਸ਼ਾਸਤਰੀ ਭਵਨ, ਆਰਕੇ ਪੁਰਮ, ਮੋਤੀ ਬਾਗ ਅਤੇ ਕਿਦਵਈ ਨਗਰ ਵਿੱਚ ਸਭ ਤੋਂ ਵੱਧ ਮੀਂਹ ਪਿਆ। ਮਥੁਰਾ ਰੋਡ ਅਤੇ ਭਾਰਤ ਮੰਡਪਮ ਦੇ ਗੇਟ ਨੰਬਰ ਸੱਤ ਦੇ ਬਾਹਰ ਪਾਣੀ ਭਰਨ ਦੀ ਜਾਣਕਾਰੀ ਹੈ, ਜਿਸ ਨਾਲ ਵਾਹਨਾਂ ਦੀ ਰਫ਼ਤਾਰ ਘੱਟ ਗਈ ਹੈ ਅਤੇ ਪੈਦਲ ਚੱਲਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ਵਿੱਚੋਂ ਲੰਘਣਾ ਪਿਆ।
ਸ਼ੁੱਕਰਵਾਰ ਰਾਤ ਤੋਂ ਸ਼ਨਿੱਚਰਵਾਰ ਸਵੇਰ ਤੱਕ ਮੀਂਹ ਪੈਂਦਾ ਰਿਹਾ, ਜਿਸ ਕਾਰਨ ਭਾਰਤੀ ਮੌਸਮ ਵਿਭਾਗ ਨੇ ਅੱਜ ਸਵੇਰੇ ਰੈੱਡ ਅਲਰਟ ਜਾਰੀ ਕੀਤਾ। ਸਵੇਰੇ 8.30 ਵਜੇ ਤੱਕ, ਸ਼ਹਿਰ ਦੇ ਪ੍ਰਤੀਨਿਧੀ ਸਫ਼ਦਰਜੰਗ ਵਿੱਚ ਪਿਛਲੇ 24 ਘੰਟਿਆਂ ’ਚ 78.7 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਪ੍ਰਗਤੀ ਮੈਦਾਨ ਵਿੱਚ 100.3 ਮਿਲੀਮੀਟਰ, ਲੋਧੀ ਰੋਡ ਅਤੇ ਪੂਸਾ ਵਿੱਚ ਕ੍ਰਮਵਾਰ 80.7 ਮਿਲੀਮੀਟਰ ਅਤੇ 69 ਮਿਲੀਮੀਟਰ ਮੀਂਹ ਪਿਆ ਹੈ। ਦਿੱਲੀ ਫ਼ਾਇਰ ਸੇਵਾ ਦੇ ਇੱਕ ਅਧਿਕਾਰੀ ਅਨੁਸਾਰ ਸਵੇਰ ਤੋਂ ਹੀ ਅੱਧਾ ਦਰਜਨ ਤੋਂ ਵੱਧ ਕੰਧ ਢਹਿਣ ਦੀਆਂ ਘਟਨਾਵਾਂ ਵੱਖ-ਵੱਖ ਇਲਾਕਿਆਂ ਵਿੱਚ ਵਾਪਰੀਆਂ, ਜਿਸ ਦੀ ਜਾਣਕਾਰੀ ਫ਼ਾਇਰ ਬ੍ਰਿਗੇਡ ਕੋਲ਼ ਪਹੁੰਚੀ। ਰਾਜਧਾਨੀ ਵਿੱਚ 12 ਅਗਸਤ ਤੱਕ ਮੀਂਹ ਜਾਰੀ ਰਹਿਣ
ਦੀ ਉਮੀਦ ਹੈ।
ਭਾਰੀ ਮੀਂਹ ਕਾਰਨ ਕਈ ਉਡਾਣਾਂ ਪ੍ਰਭਾਵਿਤ
ਦਿੱਲੀ ਵਿੱਚ ਭਾਰੀ ਮੀਂਹ ਕਾਰਨ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ, ਜਿਨ੍ਹਾਂ ਨੇ ਦੇਰੀ ਨਾਲ ਉਡਾਣ ਭਰੀ। ਫ਼ਲਾਈਟ ਟਰੈਕਿੰਗ ਵੈੱਬਸਾਈਟ ਫ਼ਲਾਈਟਰਾਡਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖਰਾਬ ਮੌਸਮ ਕਾਰਨ 135 ਉਡਾਣਾਂ ਵਿੱਚ ਦੇਰੀ ਹੋਣ ਜਾਣਕਾਰੀ ਦਿੱਤੀ ਹੈ। ਹਵਾਈ ਜਹਾਜ਼ਾਂ ਦੀ ਕੰਪਨੀ ਇੰਡੀਗੋ ਵੱਲੋਂ ਯਾਤਰੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ। ਹਵਾਈ ਕੰਪਨੀ ਨੇ ਕਿਹਾ ਕਿ ਭਾਰੀ ਮੀਂਹ ਕਾਰਨ, ਦਿੱਲੀ ਦੀਆਂ ਕਈ ਸੜਕਾਂ ਇਸ ਸਮੇਂ ਬੰਦ ਹਨ। ਕੰਪਨੀ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਕਿ ਉਡਾਣਾ ਦੇ ਸਮੇਂ ਸਬੰਧੀ ਸਮੇਂ-ਸਮੇਂ ’ਤੇ ਉਨ੍ਹਾਂ ਦੀ ਵੈੱਬਸਾਈਟ ਚੈੱਕ ਕੀਤੀ ਜਾਵੇ। ਇਨ੍ਹਾਂ ਸਬੰਧੀ ਕੰਪਨੀ ਦੀ ਐਪ ’ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਘਰਾਂ ਅਤੇ ਦੁਕਾਨਾਂ ’ਚ ਵੜਿਆ ਪਾਣੀ
ਫਰੀਦਾਬਾਦ (ਪੱਤਰ ਪ੍ਰੇਰਕ) : ਭਾਰੀ ਮੀਂਹ ਕਾਰਨ ਫ਼ਰੀਦਾਬਾਦ ਵਿੱਚ ਵੀ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਜਮ੍ਹਾ ਹੋ ਗਿਆ। ਕਈ ਘਰਾਂ ਵਿੱਚ ਵੀ ਪਾਣੀ ਵੜ ਗਿਆ। ਕਈ ਦੁਕਾਨਾਂ ਵਿੱਚ ਪਾਣੀ ਭਰਨ ਨਾਲ ਦੁਕਾਨਾਂ ਅੰਦਰਲਾ ਸਮਾਨ ਨੁਕਸਾਨਿਆ ਗਿਆ। ਫਰੀਦਾਬਾਦ ਦੀਆਂ ਜਵਾਹਰ ਕਲੋਨੀ, ਸੰਜੇ ਗਾਂਧੀ ਮੈਮੋਰੀਅਲ ਨਗਰ, ਸੰਜੇ ਕਲੋਨੀ, ਗਾਂਧੀ ਕਲੋਨੀ, ਡਬੂਆ ਕਲੋਨੀ ਵਿੱਚ ਗੋਡੇ-ਗੋਡੇ ਪਾਣੀ ਇਕੱਠਾ ਹੋ ਗਿਆ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਰੱਖੜੀ ਦਾ ਤਿਉਹਾਰ ਹੋਣ ਕਾਰਨ ਵੀ ਸੜਕਾਂ ’ਤੇ ਭਾਰੀ ਟ੍ਰੈਫ਼ਿਕ ਦੇਖਣ ਨੂੰ ਮਿਲਿਆ, ਮੀਂਹ ਕਾਰਨ ਬਾਜ਼ਾਰ ਦੇਰ ਨਾਲ ਖੁੱਲ੍ਹੇ। ਲੋਕਾਂ ਨੂੰ ਪਾਣੀ ਨਾਲ ਭਰੀਆਂ ਸੜਕਾਂ ਵਿੱਚੋਂ ਆਪਣੇ ਵਾਹਨਾਂ ਨੂੰ ਲੰਘਾ ਕੇ ਜਾਣਾ ਪਿਆ।
ਮੀਂਹ ਦੇ ਪਾਣੀ ਵਿੱਚ ਖੇਡਦਾ ਬੱਚਾ ਸੀਵਰ ’ਚ ਡੁੱਬਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ) ਦਿੱਲੀ ਫਾਇਰ ਸਰਵਿਸਿਜ਼ ਦੇ ਅਨੁਸਾਰ ਖੇੜਾ ਖੁਰਦ ਖੇਤਰ ਵਿੱਚ ਇੱਕ ਦੋ ਸਾਲ ਦਾ ਬੱਚਾ ਸੀਵਰ ਵਿੱਚ ਡੁੱਬ ਗਿਆ। ਪੁਲੀਸ ਅਤੇ ਫਾਇਰ ਵਿਭਾਗ ਨੇ ਬਚਾਅ ਕਾਰਜ ਚਲਾਇਆ ਅਤੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਭੇਜ ਦਿੱਤਾ। ਪੁਲੀਸ ਨੂੰ ਅੱਜ ਸਵੇਰੇ 11.15 ਵਜੇ ਖੇੜਾ ਖੁਰਦ ਪਿੰਡ ਦੀ ਫਿਰਨੀ ਰੋਡ ’ਤੇ ਇੱਕ ਮੁੰਡੇ ਦੇ ਸੀਵਰ ਵਿੱਚ ਡਿੱਗਣ ਬਾਰੇ ਜਾਣਕਾਰੀ ਮਿਲੀ। ਪੁਲੀਸ ਟੀਮ ਇਲਾਕੇ ਵਿੱਚ ਪਹੁੰਚੀ ਅਤੇ ਜ਼ਰੂਰੀ ਕਾਰਵਾਈ ਲਈ ਫਾਇਰ ਸਰਵਿਸਿਜ਼ ਸਣੇ ਹੋਰ ਏਜੰਸੀਆਂ ਨੂੰ ਬੁਲਾਇਆ। ਬੱਚਾ ਮੀਂਹ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਉਹ ਸੀਵਰ ਵਿੱਚ ਡਿੱਗ ਪਿਆ ਅਤੇ ਉਸ ਦੇ ਮਾਪਿਆਂ ਨੇ ਪੁਲੀਸ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ।
ਸੜਕ ’ਚ ਬੱਸ ਧਸਣ ਕਾਰਨ ਆਵਾਜਾਈ ’ਚ ਵਿਘਨ
ਦੱਖਣੀ ਦਿੱਲੀ ਵਿੱਚ ਮਹੀਪਾਲਪੁਰ-ਮਹਿਰੌਲੀ ਰੋਡ ਦਾ ਇੱਕ ਹਿੱਸਾ ਸ਼ਨਿਚਰਵਾਰ ਨੂੰ ਡੀ-6, ਵਸੰਤ ਕੁੰਜ ਦੇ ਨੇੜੇ, ਮਸੂਦਪੁਰ ਫਲਾਈਓਵਰ ਦੇ ਹੇਠਾਂ ਇੱਕ ਨਿਰਮਾਣ ਅਧੀਨ ਦਿੱਲੀ ਮੈਟਰੋ ਸਾਈਟ ‘ਤੇ ਇੱਕ ਕੰਧ ਡਿੱਗਣ ਕਾਰਨ ਡਿੱਗ ਗਿਆ। ਇਸ ਘਟਨਾ ਕਾਰਨ ਖੇਤਰ ਵਿੱਚ ਆਵਾਜਾਈ ਵਿੱਚ ਕਾਫ਼ੀ ਵਿਘਨ ਪਿਆ ਹੈ। ਬੱਸ ਸੜਕ ਵਿੱਚ ਧਸ ਗਈ। ਪ੍ਰਭਾਵਿਤ ਸੜਕ ਫੋਰਟਿਸ ਹਸਪਤਾਲ, ਵਸੰਤ ਕੁੰਜ ਤੋਂ ਮਹੀਪਾਲਪੁਰ ਵੱਲ ਜਾਂਦਾ ਰਾਹ ਸੀ। ਦਿੱਲੀ ਟਰੈਫਿਕ ਪੁਲੀਸ ਵੱਲੋਂ ਐਕਸ ’ਤੇ ਜਾਰੀ ਕੀਤੀ ਗਈ ਸਲਾਹ ਅਨੁਸਾਰ ਪ੍ਰਭਾਵਿਤ ਸੜਕ ਫੋਰਟਿਸ ਹਸਪਤਾਲ, ਵਸੰਤ ਕੁੰਜ ਤੋਂ ਮਹੀਪਾਲਪੁਰ ਵੱਲ ਜਾਂਦਾ ਰਾਹ ਹੈ।