DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਬਨਿਟ ਮੰਤਰੀ ਆਤਿਸ਼ੀ ਨੂੰ ਮਿਲਿਆ ਇਕ ਹੋਰ ਵਿਭਾਗ

ਵਿਜੀਲੈਂਸ ਤੇ ਸੇਵਾਵਾਂ ਬਾਰੇ ਮਹਿਕਮਾ ਮਿਲਣ ਨਾਲ ਵਿਭਾਗਾਂ ਦੀ ਕੁੱਲ ਗਿਣਤੀ 14 ਹੋਈ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 14 ਅਗਸਤ

Advertisement

ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਨੂੰ ਵਿਜੀਲੈਂਸ ਤੇ ਸੇਵਾਵਾਂ ਬਾਰੇ ਵਿਭਾਗ ਮਿਲ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 8 ਅਗਸਤ ਨੂੰ ਆਤਿਸ਼ੀ ਨੂੰ ਦੋ ਨਵੇਂ ਵਿਭਾਗ ਦੇਣ ਦੀ ਸਿਫਾਰਸ਼ ਕੀਤੀ ਸੀ ਤੇ ਉਨ੍ਹਾਂ ਇਸ ਸਬੰਧੀ ਫਾਈਲ ਉਪ ਰਾਜਪਾਲ ਦਫ਼ਤਰ ’ਚ ਭੇਜੀ ਸੀ। ਆਤਿਸ਼ੀ ਨੂੰ ਮਿਲੇ ਨਵੇਂ ਵਿਭਾਗ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਕੋਲ ਸਨ। ਜਾਣਕਾਰੀ ਅਨੁਸਾਰ ਅੱਜ ਆਤਿਸ਼ੀ ਨੂੰ ਨਵਾਂ ਵਿਭਾਗ ਅਲਾਟ ਕਰਨ ਸਬੰਧੀ ਅਧਿਕਾਰਤ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਹੁਣ ਆਤਿਸ਼ੀ ਕੋਲ ਇਨ੍ਹਾਂ ਸਣੇ ਵਿਭਾਗ ਦੀ ਗਿਣਤੀ 14 ਹੋ ਗਈ ਹੈ। ਆਮ ਪ੍ਰਸ਼ਾਸਨ ਵਿਭਾਗ (ਜੀਏਡੀ) ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਉਪ ਰਾਜਪਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਲਾਹ-ਮਸ਼ਵਰਾ ਕਰਕੇ ਆਤਿਸ਼ੀ ਨੂੰ ਮੌਜੂਦਾ ਵਿਭਾਗਾਂ ਤੋਂ ਇਲਾਵਾ ਵਿਜੀਲੈਂਸ ਤੇ ਸੇਵਾਵਾਂ ਅਲਾਟ ਕਰ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਤਿਸ਼ੀ ਨੂੰ ਨਵਾਂ ਮਹਿਕਮਾ ਅਲਾਟ ਕਰਨ ਦੀ ਮੁੱਖ ਮੰਤਰੀ ਦੀ ਸਿਫ਼ਾਰਸ਼ ਉਪ ਰਾਜਪਾਲ ਦੇ ਦਫ਼ਤਰ ਨੂੰ 8 ਅਗਸਤ ਨੂੰ ਪ੍ਰਾਪਤ ਹੋਈ ਸੀ।

ਉਨ੍ਹਾਂ ਨੇ ਕਿਹਾ ਕਿ ਉਪ ਰਾਜਪਾਲ ਵੀ ਕੇ ਸਕਸੈਨਾ ਨੇ 12 ਅਗਸਤ ਨੂੰ ਆਪਣੀ ਮਨਜ਼ੂਰੀ ਦਿੱਤੀ ਜਿਸ ਦਿਨ ਦਿੱਲੀ ਸਰਕਾਰ (ਸੋਧ) ਐਕਟ, 2023 ਨੂੰ ਨੋਟੀਫਾਈ ਕੀਤਾ ਗਿਆ ਸੀ। ਦੋ ਨਵੇਂ ਵਿਭਾਗਾਂ ਤੋਂ ਇਲਾਵਾ ਆਤਿਸ਼ੀ ਕੋਲ ਸਿੱਖਿਆ, ਵਿੱਤ, ਮਾਲੀਆ, ਲੋਕ ਨਿਰਮਾਣ ਵਿਭਾਗ, ਮਹਿਲਾ ਅਤੇ ਬਾਲ ਵਿਕਾਸ, ਬਿਜਲੀ, ਸੈਰ-ਸਪਾਟਾ ਤੇ ਯੋਜਨਾ ਸਮੇਤ 12 ਵਿਭਾਗਾਂ ਦਾ ਚਾਰਜ ਹੈ। ਆਤਿਸ਼ੀ ਨੇ ਐੱਸਡੀਐੱਮ ਦਫਤਰਾਂ ਵਿੱਚ ਰਿਸ਼ਵਤਖੋਰੀ ਦੀਆਂ ਘਟਨਾਵਾਂ ਬਾਰੇ ਮੁੱਖ ਸਕੱਤਰ ਨੂੰ ਇੱਕ ਲਿਖਤੀ ਸ਼ਿਕਾਇਤ ਨੋਟ ਭੇਜਿਆ‌‌ ਹੈ। ਉਨ੍ਹਾਂ ਅਹੁਦਾ ਸਾਂਭਦੇ ਹੀ ਕਾਰਵਾਈ ਆਰੰਭ ਦਿੱਤੀ ਹੈ। ਵਿਜੀਲੈਂਸ ਮੰਤਰੀ ਨੇ ਮੁੱਖ ਸਕੱਤਰ ਨੂੰ ਅਧਿਕਾਰੀਆਂ ਦੀ ਇੱਕ ਟੀਮ ਐਸਡੀਐਮ ਦਫ਼ਤਰ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਆਤਿਸ਼ੀ ਵੱਲੋਂ ਆਂਗਣਵਾੜੀ ਕੇਂਦਰ ਦਾ ਦੌਰਾ

ਨਵੀਂ ਦਿੱਲੀ: ਮਹਿਲਾ ਤੇ ਬਾਲ ਵਿਕਾਸ ਮੰਤਰੀ ਆਤਿਸ਼ੀ ਨੇ ਅੱਜ ਸਵੇਰੇ 7 ਵਜੇ ਪੂਰਬੀ ਦਿੱਲੀ ਦੇ ਕੋਂਡਲੀ ’ਚ ਕੇਂਦਰੀਕ੍ਰਿਤ ਆਂਗਣਵਾੜੀ ਕੇਂਦਰ ਦਾ ਨਿਰੀਖਣ ਕੀਤਾ। ਇੱਥੇ ਉਨ੍ਹਾਂ ਨੇ ਖਾਣਾ ਬਣਾਉਣ ਵਿੱਚ ਵਰਤੇ ਜਾਂਦੇ ਅਨਾਜ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ। ਨਿਰੀਖਣ ਦੌਰਾਨ ਆਤਿਸ਼ੀ ਨੇ ਖੁਦ ਵੀ ਭੋਜਨ ਖਾਣ ਤੋਂ ਬਾਅਦ ਇਸ ਦੀ ਗੁਣਵੱਤਾ ਦੀ ਜਾਂਚ ਕੀਤੀ ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ‘ਜ਼ੀਰੋ ਹਿਊਮਨ ਟਚ’ ਨਾਲ ਅਤਿਆਧੁਨਿਕ ਮਸ਼ੀਨਾਂ ਰਾਹੀਂ ਤਿਆਰ ‘ਟੇਕ ਹੋਮ ਰਾਸ਼ਨ’ ਨਾਲ ਨਵਜੰਮੇ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਪੋਸ਼ਣ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ।

Advertisement
×