ਵਿਦਿਆਰਥਣ ਦੀ ਸ਼ਿਕਾਇਤ ’ਤੇ ਕੈਬ ਡਰਾਈਵਰ ਗ੍ਰਿਫ਼ਤਾਰ
ਦਿੱਲੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੀ ਸ਼ਿਕਾਇਤ ’ਤੇ ਪੁਲੀਸ ਨੇ ਇੱਕ ਕੈਬ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀ ਨੂੰ ਪੁਲੀਸ ਨੇ ਮੌਰਿਸ ਨਗਰ ਇਲਾਕੇ ਤੋਂ ਫੜ ਲਿਆ ਹੈ। ਵਿਦਿਆਰਥਣ ਨੇ ਡਰਾਈਵਰ ’ਤੇ ਗੱਡੀ ਚਲਾਉਂਦੇ ਸਮੇਂ ਅਸ਼ਲੀਲ ਹਰਕਤ ਕਰਨ ਦਾ ਦੋਸ਼ ਲਗਾਇਆ ਹੈ। ਕੈਬ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਸ਼ਿਕਾਇਤਕਰਤਾ ਅਨੁਸਾਰ ਸ਼ੁਰੂ ਵਿੱਚ ਡਰਾਈਵਰ ਦਾ ਵਿਵਹਾਰ ਆਮ ਜਾਪਦਾ ਸੀ। ਡਰਾਈਵਰ ਦਾ ਨਾਮ ਸ਼ੰਕਰ ਸੀ ਅਤੇ ਉਸ ਨੇ ਵਿਦਿਆਰਥਣ ਨੂੰ ਅਗਲੀ ਸੀਟ ’ਤੇ ਬੈਠਣ ਲਈ ਕਿਹਾ। ਪਰ ਵਿਦਿਆਰਥਣ ਨੇ ਇਨਕਾਰ ਕਰ ਦਿੱਤਾ ਅਤੇ ਪਿਛਲੀ ਸੀਟ ’ਤੇ ਬੈਠ ਗਈ। ਵਿਦਿਆਰਥਣ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ। ਉਹ 22 ਸਾਲ ਦੀ ਹੈ ਅਤੇ ਮੂਲ ਰੂਪ ਵਿੱਚ ਬੰਗਲੁਰੂ ਦੀ ਰਹਿਣ ਵਾਲੀ ਹੈ। ਉਹ ਸਿਰਫ਼ ਦੋ ਮਹੀਨੇ ਪਹਿਲਾਂ ਹੀ ਦਿੱਲੀ ਆਈ ਸੀ ਅਤੇ ਮਾਡਲ ਟਾਊਨ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਉਹ ਅੰਬੇਡਕਰ ਯੂਨੀਵਰਸਿਟੀ, ਕਸ਼ਮੀਰੀ ਗੇਟ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ। ਉਸ ਨੂੰ ਯੂਨੀਵਰਸਿਟੀ ਜਾਣਾ ਪਿਆ। ਉਸ ਨੂੰ ਦੇਰ ਹੋ ਰਹੀ ਸੀ, ਇਸ ਲਈ ਉਸ ਨੇ ਇੱਕ ਮੋਬਾਈਲ ਐਪ ਤੋਂ ਕੈਬ ਬੁੱਕ ਕੀਤੀ। ਕੈਬ ਲਗਪਗ 10 ਮਿੰਟ ਬਾਅਦ ਉਸ ਕੋਲ ਪਹੁੰਚ ਗਈ। ਯਾਤਰਾ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਪੀੜਤਾ ਅਨੁਸਾਰ ਡਰਾਈਵਰ ਨੇ ਵਾਰ-ਵਾਰ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਇਸ ਬਾਰੇ ਵਿਦਿਆਰਥਣ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ।