ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਮ ਸੀ ਡੀ ਦੇ 12 ਵਾਰਡਾਂ ਦੀ ਜ਼ਿਮਨੀ ਚੋਣ: ਭਾਜਪਾ ਨੂੰ ਸੱਤ ਵਾਰਡਾਂ ਵਿੱਚ ਜਿੱਤ

‘ਆਪ’ ਨੂੰ ਤਿੰਨ ਅਤੇ ਕਾਂਗਰਸ ਤੇ ਖੱਬੇ-ਪੱਖੀ ਪਾਰਟੀ ਨੂੰ ਇੱਕ-ਇੱਕ ਸੀਟ ਮਿਲੀ
ਚਾਂਦਨੀ ਮਹਿਲ ਸੀਟ ਜਿੱਤਣ ਮਗਰੋਂ ਖੁਸ਼ ਹੁੰਦੇ ਹੋਏ ਆਲ ਇੰਡੀਆ ਫਾਰਵਰਡ ਬਲਾਕ ਦੇ ਉਮੀਦਵਾਰ ਮੁਹੰਮਦ ਇਮਰਾਨ ਚੌਧਰੀ ਤੇ ਉਸ ਦੇ ਸਮਰਥਕ। -ਫੋਟੋ: ਪੀਟੀਆਈ
Advertisement

ਭਾਜਪਾ ਨੇ ਅੱਜ ਦਿੱਲੀ ਨਗਰ ਨਿਗਮ (ਐੱਮ ਸੀ ਡੀ) ਦੀਆਂ ਜ਼ਿਮਨੀ ਚੋਣਾਂ ਵਿੱਚ 12 ਵਿੱਚੋਂ ਸੱਤ ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦੋਂਕਿ ਆਮ ਆਦਮੀ ਪਾਰਟੀ (ਆਪ) ਨੂੰ ਤਿੰਨ ਸੀਟਾਂ ਮਿਲੀਆਂ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸ ਅਤੇ ਖੱਬੇ ਪੱਖੀ ਪਾਰਟੀ ਫਾਰਵਰਡ ਬਲਾਕ ਨੇ ਇੱਕ-ਇੱਕ ਸੀਟ ਹਾਸਲ ਕਰਨ ਵਿੱਚ ਕਾਮਯਾਬ ਰਹੀਆਂ ਹਨ। ਬੀਤੀ 30 ਨਵੰਬਰ ਨੂੰ 12 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਸੀ। ਉਨ੍ਹਾਂ ਵਿੱਚੋਂ ਨੌਂ ਪਹਿਲਾਂ ਭਾਜਪਾ ਕੋਲ ਸਨ ਅਤੇ ਬਾਕੀ ਆਮ ਆਦਮੀ ਪਾਰਟੀ (ਆਪ) ਕੋਲ ਸਨ। ਸਾਲ 2022 ਵਿੱਚ 250 ਵਾਰਡਾਂ ਲਈ ਹੋਈਆਂ ਐੱਮ ਸੀ ਡੀ ਚੋਣਾਂ ਵਿੱਚ 50.47 ਫ਼ੀਸਦ ਦੇ ਮੁਕਾਬਲੇ ਵੋਟ ਪ੍ਰਤੀਸ਼ਤਤਾ 38.51 ਫ਼ੀਸਦ ਰਹੀ। ਇਸ ਤਰ੍ਹਾਂ ਭਾਜਪਾ ਨੂੰ ਪਿਛਲੇ ਨਤੀਜਿਆਂ ਦੇ ਮੁਕਾਬਲੇ ਦੋ ਵਾਰਡਾਂ ਵਿੱਚ ਹਾਰ ਝੱਲਣੀ ਪਈ ਹੈ। ਕਾਂਗਰਸ ਅਤੇ ਫਾਰਵਰਡ ਬਲਾਕ ਨੇ ਇੱਕ ਇੱਕ ਵਾਰਡ ’ਤੇ ਜਿੱਤ ਦਰਜ ਕੀਤੀ ਹੈ। ਜ਼ਿਮਨੀ ਚੋਣ ਪ੍ਰਤੀ ਦਿੱਲੀ ਦੇ ਵੋਟਰਾਂ ਵਿੱਚ ਜ਼ਿਆਦਾ ਉਤਸ਼ਾਹ ਨਹੀਂ ਸੀ।

ਰਾਜ ਚੋਣ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਂਝਵਾਲਾ, ਪੀਤਮਪੁਰਾ, ਭਾਰਤ ਨਗਰ, ਸਿਵਲ ਲਾਈਨਜ਼, ਰਾਊਜ਼ ਐਵੇਨਿਊ, ਦਵਾਰਕਾ, ਨਜ਼ਫਗੜ੍ਹ, ਗੋਲ ਮਾਰਕੀਟ, ਪੁਸ਼ਪ ਵਿਹਾਰ ਅਤੇ ਮੰਡਾਵਲੀ ਵਿੱਚ ਦਸ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਸਨ। ਭਾਜਪਾ ਦੇ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਮੈਂ ਦਿੱਲੀ ਦੇ ਲੋਕਾਂ ਦਾ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕਰਦਾ ਹਾਂ। ਅਸੀਂ 12 ਵਿੱਚੋਂ ਸੱਤ ਸੀਟਾਂ ਜਿੱਤੀਆਂ ਹਨ। ਦਿੱਲੀ ਸਰਕਾਰ ਵਿੱਚ ਸਾਡਾ ਕੰਮ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ।’’ਐੱਮ ਸੀ ਡੀ ਦੀ ਜ਼ਿਮਨੀ ਚੋਣ ਦੌਰਾਨ ਭਾਜਪਾ ਨੂੰ 45.09 ਫ਼ੀਸਦ, ‘ਆਪ’ ਨੂੰ 34.97 ਫ਼ੀਸਦ, ਕਾਂਗਰਸ ਨੂੰ 13.44 ਫ਼ੀਸਦ ਅਤੇ ਆਲ ਇੰਡੀਆ ਫਾਰਵਰਡ ਬਲਾਕ ਨੂੰ 4.38 ਫ਼ੀਸਦ ਵੋਟਾਂ ਮਿਲੀਆਂ। ਬਾਕੀ ਆਜ਼ਾਦ ਉਮੀਦਵਾਰਾਂ ਨੂੰ 1.11 ਫ਼ੀਸਦ, ਜਦੋਂਕਿ ਨੋਟਾ ਨੂੰ 0.96 ਫ਼ੀਸਦ ਵੋਟਾਂ ਮਿਲੀਆਂ।

Advertisement

ਭਾਜਪਾ ਦੀ ਅਨੀਤਾ ਜੈਨ ਨੇ ਸ਼ਾਲੀਮਾਰ ਬਾਗ਼-ਬੀ ਸੀਟ ਜਿੱਤੀ। ਉਨ੍ਹਾਂ ਨੇ ‘ਆਪ’ ਦੀ ਬਬੀਤਾ ਰਾਣਾ ਨੂੰ 10,101 ਵੋਟਾਂ ਨਾਲ ਹਰਾਇਆ। ਇਹ ਵਾਰਡ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਕੌਂਸਲਰ ਵਜੋਂ ਅਸਤੀਫ਼ਾ ਦੇ ਕੇ ਵਿਧਾਇਕ ਬਣਨ ਮਗਰੋਂ ਖ਼ਾਲੀ ਹੋਇਆ ਸੀ। ਭਾਜਪਾ ਦੀ ਮਨੀਸ਼ਾ ਦੇਵੀ ਨੇ ‘ਆਪ’ ਦੀ ਰਾਜ ਬਾਲਾ ਨੂੰ ਦੁਆਰਕਾ-ਬੀ ਵਾਰਡ ਤੋਂ 9,100 ਵੋਟਾਂ ਨਾਲ ਹਰਾਇਆ।

ਢਿੱਚੋ ਕਲਾਂ ਸੀਟ ’ਤੇ ਭਾਜਪਾ ਦੀ ਰੇਖਾ ਰਾਣੀ ਨੇ ‘ਆਪ’ ਦੀ ਨੀਤੂ ਨੂੰ 5,637 ਵੋਟਾਂ ਨਾਲ ਸ਼ਿਕਸਤ ਦਿੱਤੀ। ਚਾਂਦਨੀ ਮਹਿਲ ਸੀਟ ’ਤੇ ਆਲ ਇੰਡੀਆ ਫਾਰਵਰਡ ਬਲਾਕ ਦੇ ਮੁਹੰਮਦ ਇਮਰਾਨ ਨੇ ‘ਆਪ’ ਦੇ ਮੁੰਡਾਸਰ ਉਸਮਾਨ ਨੂੰ 4,692 ਵੋਟਾਂ ਨਾਲ ਹਰਾਇਆ। ਗ੍ਰੇਟਰ ਕੈਲਾਸ਼ ਸੀਟ ’ਤੇ ਭਾਜਪਾ ਦੀ ਅੰਜੁਮ ਮੰਡਲ ਨੇ ਈਸ਼ਾ ਗੁਪਤਾ ਨੂੰ 4,065 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸੰਗਮ ਵਿਹਾਰ ‘ਏ’ ਸੀਟ ’ਤੇ ਕਾਂਗਰਸ ਦੇ ਸੁਰੇਸ਼ ਚੌਧਰੀ ਨੇ ਭਾਜਪਾ ਦੇ ਸੁਬ੍ਰਹਜੀਤ ਗੌਤਮ ਨੂੰ 3,628 ਵੋਟਾਂ ਨਾਲ ਹਰਾਇਆ। ਦੱਖਣਪੁਰੀ ਸੀਟ ’ਤੇ ‘ਆਪ’ ਦੇ ਰਾਮ ਸਵਰੂਪ ਕਨੋਜੀਆ ਨੇ ਰੋਹਿਣੀ ਨੂੰ 2,262 ਵੋਟਾਂ ਨਾਲ ਹਰਾਇਆ। ਵਿਨੋਦ ਨਗਰ ਸੀਟ ’ਤੇ ਭਾਜਪਾ ਦੀ ਸਰਲਾ ਚੌਧਰੀ ਨੇ ‘ਆਪ’ ਦੀ ਗੀਤਾ ਰਾਵਤ ਨੂੰ 1769 ਵੋਟਾਂ ਨਾਲ ਹਰਾਇਆ। ਮੁੰਡਕਾ ਵਾਰਡ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਅਨਿਲ ਨੇ ਭਾਜਪਾ ਦੇ ਜੈਪਾਲ ਨੂੰ 1577 ਵੋਟਾਂ ਨਾਲ ਹਰਾਇਆ। ਚਾਂਦਨੀ ਚੌਕ ਸੀਟ ’ਤੇ ਭਾਜਪਾ ਦੇ ਸੁਮਨ ਕੁਮਾਰ ਗੁਪਤਾ ਨੇ ‘ਆਪ’ ਦੇ ਹਰਸ਼ ਸ਼ਰਮਾ ਨੂੰ 1182 ਵੋਟਾਂ ਨਾਲ ਹਰਾਇਆ। ਦਿੱਲੀ ਨਗਰ ਨਿਗਮ ਵਿੱਚ ਇਨ੍ਹਾਂ ਨਤੀਜਿਆਂ ਮਗਰੋਂ ਭਾਰਤੀ ਜਨਤਾ ਪਾਰਟੀ ਦੇ 123, ਆਮ ਆਦਮੀ ਪਾਰਟੀ ਦੇ 101, ਇੰਦਰਪ੍ਰਸਥ ਵਿਕਾਸ ਪਾਰਟੀ ਦੇ 15, ਕਾਂਗਰਸ ਦੇ 9 ਅਤੇ ਆਲ ਇੰਡੀਆ ਫਾਰਵਰਡ ਬਲਾਕ ਦਾ ਇੱਕ ਕੌਂਸਲਰ ਹੈ।

ਲੋਕਾਂ ਦਾ ‘ਆਪ’ ਵਿੱਚ ਭਰੋਸਾ ਵਧਿਆ: ਕੇਜਰੀਵਾਲ

ਨਵੀਂ ਦਿੱਲੀ(ਪੱਤਰ ਪ੍ਰੇਰਕ): ਦਿੱਲੀ ਨਗਰ ਨਿਗਮ (ਐੱਮ ਸੀ ਡੀ) ਦੇ 12 ਵਾਰਡਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਵਾਸੀਆਂ ਦਾ ‘ਆਪ’ ਵਿੱਚ ਭਰੋਸਾ ਵਧਿਆ ਹੈ। ‘ਐਕਸ’ ਉੱਤੇ ਪੋਸਟ ਸਾਂਝੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਇਸ ਵਾਰ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਜ਼ਿਮਨੀ ਚੋਣਾਂ ਵਿੱਚ ਆਪਣੇ ਸਮਰਪਿਤ ਵਰਕਰਾਂ ਨੂੰ ਮੈਦਾਨ ਵਿੱਚ ਉਤਾਰਿਆ ਤੇ ਦਿੱਲੀ ਦੇ ਲੋਕਾਂ ਨੇ ਆਪਣੇ ਫਤਵੇ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ‘ਆਪ’ ਲਈ ਜਨਤਕ ਸਮਰਥਨ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਸਿਰਫ਼ 10 ਮਹੀਨਿਆਂ ਵਿੱਚ ਜਨਤਕ ਵਿਸ਼ਵਾਸ ਤੇਜ਼ੀ ਨਾਲ ਆਮ ਆਦਮੀ ਪਾਰਟੀ ਵੱਲ ਵਾਪਸ ਆ ਰਿਹਾ ਹੈ। ਦਿੱਲੀ ਜਲਦੀ ਹੀ ਸਕਾਰਾਤਮਕ ਰਾਜਨੀਤੀ ਅਤੇ ਚੰਗੇ ਕੰਮ ਵੱਲ ਵਾਪਸ ਆ ਰਹੀ ਹੈ।’’ ਜ਼ਿਕਰਯੋਗ ਹੈ ਕਿ ਮੁੰਡਕਾ ਅਤੇ ਸੰਗਮ ਵਿਹਾਰ ਵਾਰਡ ਆਮ ਆਦਮੀ ਪਾਰਟੀ ਪਾਰਟੀ ਅਤੇ ਕਾਂਗਰਸ ਨੇ ਭਾਜਪਾ ਤੋਂ ਖੋਹ ਲਏ ਹਨ।

ਰੇਖਾ ਗੁਪਤਾ ਨਾਕਾਮ ਰਹੀ: ਭਾਰਦਵਾਜ

ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਦਿੱਲੀ ਸੂਬਾ ਕਨਵੀਨਰ ਸੌਰਭ ਭਾਰਦਵਾਜ ਨੇ ਅੱਜ ਇੱਥੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਦੀ ਮੁੱਖ ਮੰਤਰੀ ਰੇਖਾ ਗੁਪਤਾ ਐੱਮ ਸੀ ਡੀ ਜ਼ਿਮਨੀ ਚੋਣਾਂ ਵਿੱਚ ਨਾਕਾਮ ਰਹੀ ਹੈ। ਇਹ ਚੋਣਾਂ ਉਨ੍ਹਾਂ ਦੀ ਦਸ ਮਹੀਨੇ ਪਹਿਲਾਂ ਬਣੀ ਸਰਕਾਰ ਲਈ ਪ੍ਰੀਖਿਆ ਸੀ। ਉਨ੍ਹਾਂ ਕਿਹਾ ਕਿ ਐੱਮ ਸੀ ਡੀ ਵਾਰਡ ਜ਼ਿਮਨੀ ਚੋਣਾਂ ਮੁੱਖ ਮੰਤਰੀ ਰੇਖਾ ਗੁਪਤਾ ਦੇ ਬਚਾਅ ਲਈ ਸਨ। ਮੁੱਖ ਮੰਤਰੀ ਵੱਲੋਂ ਹਰ ਵਾਰਡ ਦਾ ਕਈ ਵਾਰ ਦੌਰਾ ਕਰਨ ਦੇ ਬਾਵਜੂਦ ਭਾਜਪਾ ਦੀਆਂ ਸੀਟਾਂ ਘਟੀਆਂ। ਭਾਜਪਾ ਸੱਤ ਵਾਰਡ ਜਿੱਤਣ ਦਾ ਦਾਅਵਾ ਕਰ ਸਕਦੀ ਹੈ, ਪਰ ਉਹ ਅਸ਼ੋਕ ਵਿਹਾਰ ਵਾਰਡ ਤੋਂ 179 ਵੋਟਾਂ ਨਾਲ ਹਾਰ ਗਈ।

Advertisement
Show comments