ਕੌਮੀ ਰਾਜਧਾਨੀ ਵਿੱਚ ਸਾਹ ਲੈਣਾ ਔਖਾ
ਇੱਥੇ ਅੱਜ ਸਵੇਰੇ ਧੁਆਂਖੀ ਧੁੰਦ ਦੀ ਮੋਟੀ ਪਰਤ ਨੇ ਇੱਕ ਵਾਰ ਫਿਰ ਪੂਰੀ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ। ਪ੍ਰਦੂਸ਼ਣ ਦਾ ਪੱਧਰ ਇੰਨਾ ਵੱਧ ਗਿਆ ਕਿ ਲੋਧੀ ਰੋਡ, ਅਕਸ਼ਰਧਾਮ ਅਤੇ ਇੰਡੀਆ ਗੇਟ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਦਿਖਣ ਹੱਦ ਬਹੁਤ ਘੱਟ ਗਈ। ਕਈ ਥਾਵਾਂ ’ਤੇ ਦਿਖਣ ਹੱਦ 200 ਮੀਟਰ ਤੋਂ ਵੀ ਹੇਠਾਂ ਆ ਗਈ, ਜਿਸ ਕਾਰਨ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅੰਕੜਿਆਂ ਅਨੁਸਾਰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਵਾ ਗੁਣਵੱਤਾ ਸੂਚਕਅੰਕ (ਏ ਕਿਊ ਆਈ) ‘ਬਹੁਤ ਖਰਾਬ’ (377–381) ਤੋਂ ਲੈ ਕੇ ‘ਗੰਭੀਰ’ (412) ਸ਼੍ਰੇਣੀ ਤੱਕ ਪਹੁੰਚ ਗਿਆ, ਜੋ ਕਿ ਸਿਹਤ ਲਈ ਬੇਹੱਦ ਖਤਰਨਾਕ ਹੈ। ਦਿੱਲੀ ਦੇ ਬਾਹਰੀ ਖੇਤਰ, ਜਿਵੇਂ ਕਿ ਅਲੀਪੁਰ, ਆਨੰਦ ਵਿਹਾਰ, ਅਸ਼ੋਕ ਵਿਹਾਰ ਅਤੇ ਬਵਾਨਾ ਵਿੱਚ ਤਾਂ ਏ ਕਿਊ ਆਈ 400 ਦੇ ਅੰਕੜੇ ਨੂੰ ਵੀ ਪਾਰ ਕਰ ਗਿਆ। ਗੁਆਂਢੀ ਸ਼ਹਿਰਾਂ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਇਸੇ ਤਰ੍ਹਾਂ ਦੇ ਖਤਰਨਾਕ ਹਾਲਾਤ ਦੇਖੇ ਗਏ।
ਪ੍ਰਦੂਸ਼ਣ ਦੇ ਇਨ੍ਹਾਂ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਦਿੱਲੀ-ਐੱਨ ਸੀ ਆਰ ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਾ ਤੀਜਾ ਪੜਾਅ (ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਨਿਰਮਾਣ ਕਾਰਜਾਂ ਅਤੇ ਬੀ ਐੱਸ-3 ਪੈਟਰੋਲ ਅਤੇ ਬੀ ਐੱਸ-4 ਡੀਜ਼ਲ ਵਾਹਨਾਂ ਦੇ ਚੱਲਣ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਸਕਦੀ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦਿੱਲੀ ਦੀ ਹਵਾ ਵਿੱਚ ਥੋੜ੍ਹੇ ਸਮੇਂ ਲਈ ਸਾਹ ਲੈਣਾ ਵੀ ਇੱਕ ਦਿਨ ਵਿੱਚ ਕਈ ਸਿਗਰਟਾਂ ਪੀਣ ਦੇ ਬਰਾਬਰ ਹੈ। ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ, ਦਿਲ, ਅੱਖਾਂ ਵਿੱਚ ਜਲਣ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਨੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਇਸ ਦੌਰਾਨ ਦਿੱਲੀ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਦਿਆਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਵਿਸਥਾਰ ਝੁੱਗੀਆਂ-ਝੌਂਪੜੀਆਂ ਤੱਕ ਕਰਨ ਦਾ ਐਲਾਨ ਕੀਤਾ ਹੈ। ਇਸ ਪਹਿਲ ਤਹਿਤ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਨੂੰ ਝੁੱਗੀ-ਝੌਂਪੜੀਆਂ ਵਿੱਚ ਰਹਿ ਰਹੇ ਪਰਿਵਾਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮੁਫ਼ਤ ਐੱਲ ਪੀ ਜੀ ਕੁਨੈਕਸ਼ਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਠੋਸ ਈਂਧਨ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।
