ਚੀਨ ਨਾਲ ਸਰਹੱਦੀ ਵਿਵਾਦ ਸਭ ਤੋਂ ਵੱਡੀ ਸੁਰੱਖਿਆ ਚੁਣੌਤੀ: ਜਨਰਲ ਚੌਹਾਨ
ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਚੀਨ ਨਾਲ ਅਣਸੁਲਝਿਆ ਸਰਹੱਦੀ ਵਿਵਾਦ ਸਭ ਤੋਂ ਵੱਡੀ ਕੌਮੀ ਸੁਰੱਖਿਆ ਚੁਣੌਤੀ ਹੈ ਅਤੇ ਉਸ ਤੋਂ ਬਾਅਦ ਪਾਕਿਸਤਾਨ ਦੀ proxy ਜੰਗ ਹੈ।
ਉੱਚ ਫੌਜੀ ਅਧਿਕਾਰੀ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਪ੍ਰਮਾਣੂ ਹਥਿਆਰਾਂ ਵਾਲੇ ਦੋ ਵਿਰੋਧੀਆਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਨਜਿੱਠਣਾ ਭਾਰਤ ਦੇ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਹੈ ਕਿਉਂਕਿ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਰਵਾਇਤੀ ਯੁੱਧ ਲਈ ਤਿਆਰ ਰਹਿਣਾ ਹੋਵੇਗਾ।
ਜਨਰਲ ਚੌਹਾਨ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ‘ਅਪਰੇਸ਼ਨ ਸਿੰਧੂਰ’ ਲਈ ਪੂਰੀ ਆਜ਼ਾਦੀ ਦਿੱਤੀ ਗਈ ਸੀ ਅਤੇ ਇਸ ਦਾ ਉਦੇਸ਼ ਨਾ ਸਿਰਫ਼ ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣਾ ਸੀ, ਸਗੋਂ ਸਰਹੱਦ ਪਾਰ ਅਤਿਵਾਦ ’ਤੇ ‘ਲਾਲ ਲਕੀਰ’ ਖਿੱਚਣਾ ਵੀ ਸੀ।
CDS ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਨੇ ‘ਅਪਰੇਸ਼ਨ ਸਿੰਧੂਰ’ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਵਿੱਚ ਫ਼ੌਜ ਦਾ ਮਾਰਗਦਰਸ਼ਨ ਕਰਨਾ, ਜਿਸ ਵਿੱਚ ਨਿਸ਼ਾਨਾ ਚੋਣ, ਫ਼ੌਜਾਂ ਦੀ ਤਾਇਨਾਤੀ, ਡੀ-ਐਸਕੇਲੇਸ਼ਨ ਲਈ ਢਾਂਚਾ ਅਤੇ ਕੂਟਨੀਤੀ ਦੀ ਵਰਤੋਂ ਸ਼ਾਮਲ ਸੀ।
ਹਾਲਾਂਕਿ ਉਨ੍ਹਾਂ ਦੇ ਸੰਬੋਧਨ ਦਾ ਮੁੱਖ ਵਿਸ਼ਾ ਭਾਰਤ ਦੀਆਂ ਕੌਮੀ ਸੁਰੱਖਿਆ ਚੁਣੌਤੀਆਂ ਸੀ।
ਜਨਰਲ ਚੌਹਾਨ ਨੇ ਕਿਹਾ, ‘‘ਮੈਂ ਚੀਨ ਨਾਲ ਅਣਸੁਲਝੇ ਸਰਹੱਦੀ ਵਿਵਾਦ ਨੂੰ ਸਭ ਤੋਂ ਵੱਡੀ ਚੁਣੌਤੀ ਮੰਨਦਾ ਹਾਂ। ਦੂਜੀ ਵੱਡੀ ਚੁਣੌਤੀ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਚਲਾਈ ਜਾ ਰਹੀ ਖ਼ੁਦ-ਮੁਖਤਿਆਰੀ ਜੰਗ ਹੈ।’’
ਉਨ੍ਹਾਂ ਕਿਹਾ, ‘‘ਪਾਕਿਸਤਾਨ ਦੀ ਸਿਆਸਤ ‘ਭਾਰਤ ਨੂੰ ਖ਼ੂਨ ਦੇ ਅੱਥਰੂ ਵਹਾਉਣ ਦੀ ਰਹੀ ਹੈ। ਇਸ ਦਾ ਅਰਥ ਹੈ ਕਿ ਨਿਯਮਤ ਵਕਫ਼ੇ ’ਤੇ ਭਾਰਤ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਉਣਾ ਅਤੇ ਖ਼ੂਨ-ਖਰਾਬਾ ਜਾਰੀ ਰੱਖਣਾ ਹੈ।’’ ਫ਼ੌਜੀ ਅਧਿਕਾਰੀ ਨੇ ਕਿਹਾ ਕਿ ਤੀਜੀ ਸਭ ਤੋਂ ਵੱਡੀ ਸੁਰੱਖਿਆ ਚੁਣੌਤੀ ਖੇਤਰੀ ਅਸਥਿਰਤਾ ਤੋਂ ਪੈਦਾ ਹੋ ਰਹੀ ਹੈ, ਖਾਸ ਕਰਕੇ ਜਿਸ ਤਰ੍ਹਾਂ ਭਾਰਤ ਦੇ ਗੁਆਂਢੀ ਦੇਸ਼ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਅਸ਼ਾਂਤੀ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਭਾਰਤ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਜਨਰਲ ਚੌਹਾਨ ਨੇ ਕਿਹਾ, ‘‘ਚੌਥੀ ਚੁਣੌਤੀ ਇਹ ਹੋਵੇਗੀ ਕਿ ਭਵਿੱਖ ਵਿੱਚ ਸਾਡੇ ਕੋਲ ਕਿਸ ਤਰ੍ਹਾਂ ਦੀ ਜੰਗ ਹੋਵੇਗੀ। ਜੰਗਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਭਵਿੱਖ ਦੀਆਂ ਜੰਗਾਂ ਜ਼ਮੀਨ, ਹਵਾ ਅਤੇ ਪਾਣੀ ਤੱਕ ਸੀਮਤ ਨਹੀਂ ਹੋਣਗੀਆਂ। ਇਸ ਵਿੱਚ ਪੁਲਾੜ, ਸਾਈਬਰ ਅਤੇ ਇਲੈਕਟ੍ਰੋਮੈਗਨੈਟਿਕ ਡੋਮੇਨ ਸ਼ਾਮਲ ਹੋਣਗੇ। ਸਾਡੇ ਲਈ ਅਜਿਹੇ ਸਮੇਂ ਲਈ ਖ਼ੁਦ ਨੂੰ ਤਿਆਰ ਰੱਖਣਾ ਇੱਕ ਚੁਣੌਤੀ ਹੋਵੇਗੀ।’’
ਪੰਜਵੀਂ ਚੁਣੌਤੀ ’ਤੇ CDS ਨੇ ਕਿਹਾ, ‘‘ਸਾਡੇ ਦੋਵੇਂ ਵਿਰੋਧੀ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ ਅਤੇ ਇਹ ਸਾਡੇ ਲਈ ਇੱਕ ਚੁਣੌਤੀ ਬਣੇਗੀ ਕਿ ਅਸੀਂ ਕਿਸ ਤਰ੍ਹਾਂ ਦੀ ਰਵਾਇਤੀ ਜੰਗ ਲੜਾਂਗੇ ਅਤੇ ਅਸੀਂ ਉਨ੍ਹਾਂ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਦੀ ਕਾਰਵਾਈ ਚੁਣਦੇ ਹਾਂ।’’ ਜਨਰਲ ਚੌਹਾਨ ਨੇ ਕਿਹਾ ਕਿ ਛੇਵੀਂ ਚੁਣੌਤੀ ‘ਤਕਨਾਲੋਜੀ ਅਤੇ ਭਵਿੱਖ ਦੇ ਯੁੱਧ ’ਤੇ ਇਸ ਦੇ ਪ੍ਰਭਾਵ’ ਬਾਰੇ ਹੈ।