ਦਿੱਲੀ ’ਚ 100 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ
ਕੌਮੀਂ ਰਾਜਧਾਨੀ ਦੇ 100 ਤੋਂ ਵੱਧ ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ, ਜਿਨ੍ਹਾਂ ਨੂੰ ਬਾਅਦ ਵਿੱਚ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ‘ਝੂਠਾ’ ਐਲਾਨ ਦਿੱਤਾ ਗਿਆ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ 6.10 ਵਜੇ ਈ-ਮੇਲ ਪ੍ਰਾਪਤ ਹੋਇਆ। ਇਹ ਈ-ਮੇਲ ‘ਟੈਰਰਾਈਜ਼ਰਜ਼ 111’ ਨਾਮਕ ਗਰੁੱਪ ਤੋਂ ਭੇਜਿਆ ਗਿਆ। ਜਾਂਚ ਵਿੱਚ ਪਤਾ ਚੱਲਿਆ ਕਿ ਇਸ ਗਰੁੱਪ ਨੇ ਪਹਿਲਾਂ ਵੀ ਸਕੂਲਾਂ ਨੂੰ ਇਸੇ ਤਰ੍ਹਾਂ ਦੇ ਈ-ਮੇਲ ਭੇਜੇ ਸਨ।
ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ 10 ਸਕੂਲਾਂ ਬਾਰੇ ਜਾਣਕਾਰੀ ਮਿਲੀ ਹੈ, ਜਿਨ੍ਹਾਂ ਵਿੱਚ ਦਵਾਰਕਾ ਵਿੱਚ ਦਿੱਲੀ ਪਬਲਿਕ ਸਕੂਲ (ਡੀਪੀਐਸ), ਕ੍ਰਿਸ਼ਨਾ ਮਾਡਲ ਪਬਲਿਕ ਸਕੂਲ, ਸਰਵੋਦਿਆ ਵਿਦਿਆਲਿਆ, ਦਵਾਰਕਾ ਵਿੱਚ ਸੀਆਰਪੀਐਫ ਪਬਲਿਕ ਸਕੂਲ ਅਤੇ ਨਜਫਗੜ੍ਹ ਵਿੱਚ ਮਾਤਾ ਵਿਦਿਆ ਦੇਵੀ ਪਬਲਿਕ ਸਕੂਲ ਸ਼ਾਮਲ ਹਨ। ਹਾਲਾਂਕਿ ਅਹਾਤੇ ਦੀ ਪੂਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਝੂਠਾ ਐਲਾਨਿਆ ਗਿਆ। ਬੰਬ ਨਿਰੋਧਕ ਦਸਤੇ ਅਤੇ ਪੁਲੀਸ ਟੀਮਾਂ ਨੂੰ ਕੈਂਪਸਾਂ ਵਿੱਚ ਭੇਜਿਆ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ,“ ਅਸੀਂ ਕੈਂਪਸਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ। ਕੁਝ ਵੀ ਸ਼ੱਕੀ ਨਹੀਂ ਮਿਲਿਆ।”
ਪੁਲੀਸ ਨੇ ਅੱਗੇ ਕਿਹਾ ਕਿ ਧਮਕੀਆਂ ਦੇ ਸਰੋਤ ਦੀ ਜਾਂਚ ਜਾਰੀ ਹੈ।