ਕਈ ਸਕੂਲਾਂ ’ਚ ਬੰਬ ਦੀਆਂ ਧਮਕੀਆਂ
ਦਿੱਲੀ ਵਿੱਚ ਅੱਜ ਸਵੇਰੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਸਕੂਲਾਂ ਨੂੰ ਈਮੇਲਜ਼ ਰਾਹੀਂ ਬੰਬ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਮਗਰੋਂ ਧਮਕੀਆਂ ਝੂਠੀਆਂ ਨਿਕਲੀਆਂ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਉਨ੍ਹਾਂ ਵਿੱਚ ਚਾਣਕਿਆਪੁਰੀ ਸਥਿਤ ਬ੍ਰਿਟਿਸ਼ ਸਕੂਲ ਤੇ ਸੰਸਕ੍ਰਿਤੀ ਸਕੂਲ, ਬਾਰਾਖੰਭਾ ਰੋਡ ਦਾ ਮਾਡਰਨ ਸਕੂਲ, ਦੂਨ ਪਬਲਿਕ ਸਕੂਲ ਪੱਛਮੀ ਵਿਹਾਰ ਅਤੇ ਸ੍ਰੀ ਅਰਬਿੰਦੋ ਮਾਰਗ ਸਥਿਤ ਮਦਰਜ਼ ਇੰਟਰਨੈਸ਼ਨਲ ਸਕੂਲ ਸ਼ਾਮਲ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਕੀਆਂ ਬਾਰੇ ਪਤਾ ਲੱਗਣ ’ਤੇ ਬੰਬ ਨਕਾਰਾ ਦਸਤਾ, ਡੌਗ ਸਕੁਐਡ ਟੀਮ ਅਤੇ ਫਾਇਰ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਿਸ ਤੋਂ ਬਾਅਦ ਬੰਬ ਦੀ ਧਮਕੀ ਨੂੰ ਝੂਠਾ ਕਰਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਦੀਆਂ ਕਈ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਚੌਕਸੀ ਵਧਾਈ ਹੋਈ ਹੈ ਅਤੇ ਹਰ ਸ਼ੱਕੀ ਗਤੀਵਿਧੀ ’ਤੇ ਨਜ਼ਰ ਹੈ।
