Birmingham-Delhi flight diverted to Riyadh ਬੰਬ ਦੀ ਧਮਕੀ: ਏਅਰ ਇੰਡੀਆ ਦੀ ਬਰਮਿੰਘਮ-ਦਿੱਲੀ ਉਡਾਣ ਨੂੰ ਰਿਆਧ ਵੱਲ ਮੋੜਿਆ
ਨਵੀਂ ਦਿੱਲੀ, 22 ਜੂਨ
Air India ਏਅਰ ਇੰਡੀਆ ਦੀ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਕਾਰਨ ਇਸ ਉਡਾਣ ਨੂੰ ਰਿਆਧ ਵੱਲ ਮੋੜ ਦਿੱਤਾ ਗਿਆ ਅਤੇ ਸਾਊਦੀ ਅਰਬ ਦੇ ਸ਼ਹਿਰ ਵਿਚ ਸੁਰੱਖਿਅਤ ਉਤਾਰਿਆ ਗਿਆ।
ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਅਹਿਮਦਾਬਾਦ ਹਾਦਸੇ ਤੋਂ ਬਾਅਦ ਅਸਥਾਈ ਤੌਰ ’ਤੇ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਹਨ। ਏਅਰ ਇੰਡੀਆ ਨੇ ਕਿਹਾ ਕਿ ਰਿਆਧ ਤੋਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਏI114 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਅਤੇ ਨਤੀਜੇ ਵਜੋਂ ਇਸ ਨੂੰ ਰਿਆਧ ਵੱਲ ਮੋੜ ਦਿੱਤਾ ਗਿਆ ਜਿੱਥੇ ਇਸ ਦੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਤੇ ਹਵਾਈ ਜਹਾਜ਼ ਦੀ ਸੁਰੱਖਿਆ ਪੱਖੋਂ ਜਾਂਚ ਕੀਤੀ ਗਈ। ਇਸ ਤੋਂ ਬਾਅਦ ਯਾਤਰੀਆਂ ਨੂੰ ਹੋਟਲ ਵਿੱਚ ਰਿਹਾਇਸ਼ ਪ੍ਰਦਾਨ ਕੀਤੀ ਗਈ।
ਦੱਸਣਾ ਬਣਦਾ ਹੈ ਕਿ 12 ਜੂਨ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ ਸੀ। ਇਸ ਤੋਂ ਬਾਅਦ ਏਅਰ ਇੰਡੀਆ ਨੇ ਸਵੈ-ਇੱਛਾ ਨਾਲ ਆਪਣੀਆਂ ਸੇਵਾਵਾਂ ਵਿਚ ਅਸਥਾਈ ਤੌਰ ’ਤੇ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੱਧ ਪੂਰਬ ਵਿੱਚ ਹਵਾਈ ਖੇਤਰ ਬੰਦ ਹੋਣ, ਯੂਰਪ ਅਤੇ ਪੂਰਬੀ ਏਸ਼ੀਆ ਦੇ ਕਈ ਹਵਾਈ ਅੱਡਿਆਂ ’ਤੇ ਰਾਤ ਦੀਆਂ ਹਵਾਈ ਸੇਵਾਵਾਂ ਬੰਦ ਹੋੋਣ, ਹਵਾਈ ਆਵਾਜਾਈ, ਅਣਕਿਆਸੇ ਸੰਚਾਲਨ ਮੁੱਦੇ, ਕੁਝ ਉਡਾਣਾਂ ਦੇਰੀ ਜਾਂ ਰੱਦ ਹੋਣ ਵਰਗੇ ਕਾਰਕ ਦਰਪੇਸ਼ ਹਨ ਪਰ ਉਹ ਆਪਣੇ ਯਾਤਰੀਆਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹਨ। ਪੀਟੀਆਈ