ਸਵੇਰੇ ਇੱਥੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ, ਜਿਸ ਮਗਰੋਂ ਦਹਿਸ਼ਤ ਫੈਲ ਗਈ ਤੇ ਅਧਿਕਾਰੀਆਂ ਵੱਲੋਂ ਤੁਰੰਤ ਐਮਰਜੈਂਸੀ ਕਦਮ ਉਠਾਏ ਗਏ। ਲਕਸ਼ਮੀ ਨਗਰ, ਮਯੂਰ ਵਿਹਾਰ ਤੇ ਰੋਹਿਣੀ ਦੇ ਕਈ ਸਕੂਲਾਂ ਨੂੰ ਧਮਕੀ ਮਿਲੀ, ਜਿਸ ਤੋਂ ਬਾਅਦ ਪੁਲੀਸ ਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਤੁਰੰਤ ਸਕੂਲ ਖਾਲੀ ਕਰਵਾਉਣੇ ਸ਼ੁਰੂ ਕੀਤੇ ਗਏ। ਪੁਲੀਸ ਤੇ ਹੋਰ ਜਾਂਚ ਟੀਮਾਂ ਨੇ ਆਪਣੀ ਜਾਂਚ ਆਰੰਭੀ ਤੇ ਬਾਅਦ ਵਿੱਚ ਇਸ ਧਮਕੀ ਨੂੰ ਫਰਜ਼ੀ ਐਲਾਨ ਦਿੱਤਾ। ਮੌਕੇ ਤੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲੀਆਂ ਹਨ, ਜਿਸ ਮਗਰੋਂ ਪੁਲੀਸ ਤੇ ਸਕੂਲ ਪ੍ਰਸ਼ਾਸਨ ਨੂੰ ਭਾਜੜਾਂ ਪੈਂਦੀਆਂ ਰਹੀਆਂ ਹਨ। ਧਮਕੀ ਭਰੇ ਸੁਨੇਹੇ ਵਿੱਚ ਦੁਪਹਿਰ ਦੇ ਆਸਪਾਸ ਇੱਕ ਸੰਭਾਵੀ ਧਮਾਕੇ ਦਾ ਜ਼ਿਕਰ ਕੀਤਾ ਗਿਆ, ਜਿਸ ਵਿੱਚ ਪੰਜਾਬ ਨਾਲ ਜੁੜੇ ਸਿਆਸੀ ਹਵਾਲੇ ਸ਼ਾਮਲ ਸਨ। ਅਧਿਕਾਰੀਆਂ ਨੇ ਤੁਰੰਤ ਈ-ਮੇਲ ਨੂੰ ਗੰਭੀਰਤਾ ਨਾਲ ਦੇਖਦਿਆਂ ਕਾਰਵਾਈ ਸ਼ੁਰੂ ਕੀਤੀ। ਅਧਿਕਾਰੀਆਂ ਮੁਤਾਬਿਕ ਅੱਜ ਕੌਮੀ ਰਾਜਧਾਨੀ ਦੇ ਕਈ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਸਕੂਲਾਂ ਨੇ ਤੁਰੰਤ ਸਾਵਧਾਨੀ ਵਜੋਂ ਆਪਣੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਤੇ ਮਾਪਿਆਂ ਲਈ ਇੱਕ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਆਪਣੇ ਬੱਚੇ ਲੈ ਕੇ ਜਾਣ ਲਈ ਕਿਹਾ।
ਦਿ ਇੰਡੀਅਨ ਸਕੂਲ ਨੂੰ ਧਮਕੀ ਮਿਲੀ, ਜਿਸ ਨੇ ਨੋਟਿਸ ਜਾਰੀ ਕੀਤਾ, ਅਹਲਕਨ ਇੰਟਰਨੈਸ਼ਨਲ ਸਕੂਲ ਨੂੰ ਵੀ ਬੰਬ ਦੀ ਧਮਕੀ ਮਿਲੀ। ਸਕੂਲ ਨੇ ਮਾਪਿਆਂ ਨੂੰ ਬੱਚਿਆਂ ਨੂੰ ਲੈ ਕੇ ਜਾਣ ਦਾ ਨੋਟਿਸ ਜਾਰੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਲਕਸ਼ਮੀ ਨਗਰ ਤੇ ਸਾਦਿਕ ਨਗਰ ਦੇ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿੱਥੋਂ ਮੇਲ ਆਈ ਹੈ ਉਸ ਸਰੋਤ ਦਾ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ, ਦੇਸ਼ਬੰਧੂ ਕਾਲਜ ਤੇ ਰਾਮਜਸ ਕਾਲਜ ਨੂੰ ਪਿਛਲੇ ਬੁੱਧਵਾਰ ਨੂੰ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮਗਰੋਂ ਮਾਪੇ ਅਤੇ ਵਿਦਿਆਰਥੀ ਬਹੁਤ ਪਰੇਸ਼ਾਨ ਹੁੰਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਬੁਰਾ ਅਸਰ ਪੈਂਦਾ ਹੈ। ਮਾਪਿਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਇਸ ਬਾਬਤ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਨਿਜਾਤ ਮਿਲ ਸਕੇ।

