BMW case: ਗਗਨਪ੍ਰੀਤ ਕੌਰ ਨੇ ਡੀਟੀਸੀ ਬੱਸ ਤੇ ਐਂਬੂਲੈਂਸ ਸਿਰ ਭਾਂਡਾ ਭੰਨਿਆ; ਇਸਤਗਾਸਾ ਧਿਰ ਨੇ ਦਾਅਵੇ ਨੂੰ ਗੁਨਾਹ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਦੱਸਿਆ
ਗਗਨਪ੍ਰੀਤ ਕੌਰ ਦੇ ਵਕੀਲ ਰਮੇਸ਼ ਗੁਪਤਾ ਨੇ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਕਿ ਡਿਪਟੀ ਸੈਕਟਰੀ ਨਵਜੋਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਿਸ ਮੋਟਰਸਾਈਕਲ ’ਤੇ ਜਾ ਰਹੇ ਸਨ, ਨੂੰ ਪਹਿਲਾਂ ਇੱਕ ਡੀਟੀਸੀ ਬੱਸ ਨੇ ਟੱਕਰ ਮਾਰੀ, ਜਿਸ ਤੋਂ ਬਾਅਦ ਇਹ BMW ਨਾਲ ਟਕਰਾ ਗਿਆ। ਕੌਰ ਨੇ ਦਾਅਵਾ ਕੀਤਾ ਕਿ ਹਾਦਸੇ ਵਾਲੀ ਥਾਂ ਕੁਝ ਦੇਰ ਲਈ ਰੁਕੀ ਐਂਬੂਲੈਂਸ ਨੇ ਪੀੜਤਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ, ਲਿਹਾਜ਼ਾ ਉਸ ਨੂੰ ਵੀ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: BMW ਹਾਦਸਾ: ਕੋਰਟ ਵੱਲੋਂ ਗਗਨਪ੍ਰੀਤ ਕੌਰ ਨੂੰ ਜ਼ਮਾਨਤ ਦੇਣ ਤੋਂ ਨਾਂਹ
ਗੁਪਤਾ ਨੇ ਇਸ ਘਟਨਾ ਨੂੰ ‘ਮੰਦਭਾਗਾ’ ਦੱਸਦੇ ਹੋਏ ਦਲੀਲ ਦਿੱਤੀ ਕਿ ‘ਹਰ ਸਾਲ ਹਜ਼ਾਰਾਂ ਹਾਦਸੇ ਹੁੰਦੇ ਹਨ, ਅਤੇ ਉਹ ਵੀ ਦੁਖਾਂਤ ਹਨ।’’ ਉਨ੍ਹਾਂ ਸਵਾਲ ਕੀਤਾ ਕਿ ਸਿਰਫ਼ ਉਨ੍ਹਾਂ ਦੇ ਮੁਵੱਕਿਲ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪੁਲੀਸ ’ਤੇ ‘ਲੋੜੋਂ ਵੱਧ ਦਬਾਅ’ ਹੇਠ ਕੰਮ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਸਵਾਲ ਕੀਤਾ ਕਿ ਬੱਸ ਨੂੰ ਕਿਉਂ ਨਹੀਂ ਜ਼ਬਤ ਕੀਤਾ ਗਿਆ ਅਤੇ ਕਰੀਬ ਦਸ ਘੰਟੇ ਬਾਅਦ ਐੱਫਆਈਆਰ ਕਿਉਂ ਦਰਜ ਕੀਤੀ ਗਈ।
ਹਾਲਾਂਕਿ ਇਸਤਗਾਸਾ ਪੱਖ ਨੇ ਬਚਾਅ ਪੱਖ ਨੂੰ ਲੰਮੇ ਹੱਥੀਂ ਲੈਂਦਿਆਂ ਇਹ ਜਾਣਨ ਦੀ ਮੰਗ ਕੀਤੀ ਕਿ ਕੌਰ ਨੇ ਪੁਲੀਸ ਨੂੰ ਹਾਦਸੇ ਬਾਰੇ ਸੂਚਿਤ ਕਰਨ ਤੋਂ ਪਹਿਲਾਂ ਕਰੀਬ ਪੰਜ ਘੰਟੇ ਤੱਕ ਉਡੀਕ ਕਿਉਂ ਕੀਤੀ।
ਵਕੀਲ ਨੇ ਜ਼ੋਰ ਦੇ ਕੇ ਆਖਿਆ, ‘‘ਜੇ ਉਹ ਜਾਣਦੀ ਸੀ ਕਿ ਪੀੜਤ ਗੰਭੀਰ ਜ਼ਖਮੀ ਹਨ, ਤਾਂ ਉਹ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਕਿਉਂ ਨਹੀਂ ਲੈ ਕੇ ਗਈ।’’ ਵਕੀਲ ਨੇ ਕਿਹਾ ਕਿ ਉਹ ਉਨ੍ਹਾਂ(ਬਾਈਕ ਸਵਾਰ ਸਿੱਖ ਜੋੜੇ) ਨੂੰ 19 ਕਿਲੋਮੀਟਰ ਦੂਰ ਆਪਣੇ ਪਿਤਾ ਦੀ ਸਹਿ-ਮਾਲਕੀ ਵਾਲੇ ਹਸਪਤਾਲ ਵਿੱਚ ਲੈ ਗਈ। ਤਫ਼ਤੀਸ਼ਕਾਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਸਬੂਤਾਂ ਨਾਲ ਛੇੜਛਾੜ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਚਾਲ ਸੀ।
ਸਰਕਾਰੀ ਵਕੀਲਾਂ ਨੇ ਕੌਰ ’ਤੇ ਝੂਠੀਆਂ ਸੱਟਾਂ ਦਿਖਾਉਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਦਲੀਲ ਦਿੱਤੀ, ‘‘ਕੌਰ ਹਾਦਸੇ ਤੋਂ ਬਾਅਦ ਆਪਣੇ ਬੱਚਿਆਂ ਨੂੰ ਕਾਰ ਤੋਂ ਬਾਹਰ ਕੱਢਦੀ ਸਾਫ਼ ਦਿਖਾਈ ਦੇ ਰਹੀ ਹੈ। ਫਿਰ ਵੀ ਉਹ ਆਈਸੀਯੂ ਵਿੱਚ ਜਾਂਦੀ ਹੈ, ਜਦੋਂ ਕਿ ਪੀੜਤਾਂ ਨੂੰ ਸਟ੍ਰੈਚਰ ’ਤੇ ਬਿਨਾਂ ਕਿਸੇ ਧਿਆਨ ਦੇ ਛੱਡ ਦਿੱਤਾ ਜਾਂਦਾ ਹੈ।’’ ਇਸਤਗਾਸਾ ਧਿਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਮਦਦ ਲਈ ਦੌੜੇ ਇੱਕ ਟੈਕਸੀ ਡਰਾਈਵਰ ਨੇ ਗਵਾਹੀ ਦਿੱਤੀ ਕਿ ਉਸ ਨੇ ਕੌਰ ਨੂੰ ਨੇੜਲੇ ਹਸਪਤਾਲ ਜਾਣ ਲਈ ਕਿਹਾ, ਪਰ ਉਸ ਨੇ ਇਸ ਬੇਨਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਪਰਿਵਾਰ ਦੀ ਮਾਲਕੀਅਤ ਵਾਲੇ ਹਸਪਤਾਲ ਜਾਣ ’ਤੇ ਜ਼ੋਰ ਦਿੱਤਾ।
ਕੌਰ ’ਤੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 105 (ਗੈਰਇਰਾਦਤਨ ਕਤਲ), ਧਾਰਾ 281 (ਰੈਸ਼ ਡਰਾਈਵਿੰਗ), ਅਤੇ ਧਾਰਾ 125B (ਦੂਜਿਆਂ ਦੀ ਜਾਨ ਜਾਂ ਸੁਰੱਖਿਆ ਨੂੰ ਖ਼ਤਰਾ) ਤਹਿਤ ਦੋਸ਼ ਲਗਾਏ ਗਏ ਹਨ।
ਅਦਾਲਤ ਨੇ ਬੁੱਧਵਾਰ ਨੂੰ ਬਚਾਅ ਪੱਖ ਵੱਲੋਂ ਹਾਦਸੇ ਵਾਲੀ ਥਾਂ ਤੋਂ ਸੀਸੀਟੀਵੀ ਫੁਟੇਜ ਦੀ ਸੰਭਾਲ ਲਈ ਦਾਇਰ ਅਰਜ਼ੀ ’ਤੇ ਨੋਟਿਸ ਵੀ ਜਾਰੀ ਕੀਤਾ। ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਹੋਵੇਗੀ। ਕੌਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹੈ, ਜੋ ਹੁਣ 27 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਅਦਾਲਤ ਉਸ ਦੀ ਜ਼ਮਾਨਤ ਅਰਜ਼ੀ ’ਤੇ ਸ਼ਨਿੱਚਰਵਾਰ ਨੂੰ ਸੁਣਵਾਈ ਕਰੇਗੀ।