BMW ਹਾਦਸਾ: ਕੋਈ ਵੀ ਕਾਨੂੰਨ ਮੁਲਜ਼ਮਾਂ ਨਾਲ ਸੀਸੀਟੀਵੀ ਫੁਟੇਜ ਸਾਂਝੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ: ਅਦਾਲਤ
BMW accident: No legal provision allows sharing CCTV footage with accused, says court ਦਿੱਲੀ ਦੀ ਇੱਕ ਅਦਾਲਤ ਨੇ ਅੱਜ ਕਿਹਾ ਕਿ ਕਿਸੇ ਅਪਰਾਧਿਕ ਮਾਮਲੇ ਵਿੱਚ ਮੁਲਜ਼ਮਾਂ ਨਾਲ ਸੀਸੀਟੀਵੀ ਫੁਟੇਜ ਸਾਂਝੀ ਕਰਨ ਦੀ ਇਜਾਜ਼ਤ ਦੇਣ ਵਾਲੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਦਿੱਲੀ ਵਿੱਚ ਬੀਐਮਡਬਲਿਊ ਨਾਲ ਟੱਕਰ ਮਾਰਨ ਵਾਲੀ ਗਗਨਪ੍ਰੀਤ ਕੌਰ (38) ਨੇ ਸੀਸੀਟੀਵੀ ਫੁਟੇਜ ਸੰਭਾਲਣ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਅੰਕਿਤ ਗਰਗ ਨੇ ਸੁਣਵਾਈ ਕੀਤੀ। ਜਾਣਕਾਰੀ ਅਨੁਸਾਰ ਧੌਲਾ ਕੁਆਂ ਖੇਤਰ ਵਿੱਚ ਬੀਐਮਡਬਲਿਊ ਚਾਲਕਾ ਨੇ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਇਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ।
ਗਗਨਪ੍ਰੀਤ ਕੌਰ ਵੱਲੋਂ ਪੇਸ਼ ਹੋਏ ਵਕੀਲ ਗਗਨ ਭਟਨਾਗਰ ਨੇ ਘਟਨਾਵਾਂ ਦੇ ਕ੍ਰਮ ਬਾਰੇ ਐਫਆਈਆਰ ਦੇ ਕੁਝ ਹਿੱਸੇ ਦਾ ਹਵਾਲਾ ਦਿੰਦਿਆਂ ਦਲੀਲ ਦਿੱਤੀ ਕਿ ਪੂਰਾ ਮਾਮਲਾ ਸੀਸੀਟੀਵੀ ਫੁਟੇਜ ’ਤੇ ਨਿਰਭਰ ਕਰਦਾ ਹੈ। ਭਟਨਾਗਰ ਨੇ ਕਿਹਾ ਕਿ ਧੌਲਾ ਕੂਆਂ ਮੈਟਰੋ ਥੰਮ੍ਹਾਂ 65 ਅਤੇ 67 ਦੀ ਫੁਟੇਜ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਮਾਮਲੇ ਦਾ ਹੋਰ ਖੁਲਾਸਾ ਹੋ ਸਕਦਾ ਹੈ। ਦੂਜੇ ਪਾਸੇ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਸਬੰਧੀ ਕੋਈ ਕਾਨੂੰਨੀ ਪ੍ਰਬੰਧ ਜਾਂ ਕਾਨੂੰਨ ਨਹੀਂ ਹੈ ਜਿਸ ਤਹਿਤ ਮੁਲਜ਼ਮ ਨੂੰ ਫੁਟੇਜ ਪ੍ਰਦਾਨ ਕੀਤੀ ਜਾ ਸਕੇ। ਗਗਨਪ੍ਰੀਤ ਦੇ ਵਕੀਲ ਨੇ ਕਿਹਾ, ‘ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਮੈਨੂੰ ਦੇ ਦਿਓ, ਸਗੋਂ ਇਸ ਨੂੰ ਸੁਰੱਖਿਅਤ ਰੱਖ ਕੇ ਅਦਾਲਤ ਵਿੱਚ ਜਮ੍ਹਾਂ ਕਰਵਾਓ।’