ਬੀ.ਐੱਮ.ਡਬਲਿਊ ਹਾਦਸਾ: ਗਗਨਪ੍ਰੀਤ ਨੂੰ 27 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ
ਦਿੱਲੀ ਦੀ ਅਦਾਲਤ ਨੇ ਬੁੱਧਵਾਰ ਨੂੰ ਬੀ.ਐੱਮ.ਡਬਲਿਊ ਹਾਦਸੇ ਦੀ ਕਥਿਤ ਦੋਸ਼ੀ ਗਗਨਪ੍ਰੀਤ ਕੌਰ ਨੂੰ 27 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ, ਜਿਸ ਵਿੱਚ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨਵਜੋਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਪਤਨੀ ਜ਼ਖਮੀ ਹੋ ਗਈ ਸੀ। ਕਥਿਤ ਦੋਸ਼ੀ ਵੱਲੋਂ ਪੇਸ਼ ਹੁੰਦੇ ਹੋਏ ਵਕੀਲ ਰਮੇਸ਼ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਹਾਦਸੇ ਦੇ ਮਾਮਲੇ ਨੂੰ ਕਤਲ ਦੇ ਮਾਮਲੇ ਵਿੱਚ ਬਦਲ ਦਿੱਤਾ ਗਿਆ ਹੈ। ਜਦੋਂ ਜਾਂਚ ਅਧਿਕਾਰੀ ਨੇ ਕੇਸ ਦਰਜ ਕੀਤਾ ਤਾਂ ਉਨ੍ਹਾਂ ਦਾ ਵਿਚਾਰ ਸੀ ਕਿ ਕਥਿਤ ਦੋਸ਼ੀ ਕਾਹਲੀ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਵਕੀਲ ਨੇ ਅਦਾਲਤ ਨੂੰ ਗਗਨਪ੍ਰੀਤ ਕੌਰ ਨੂੰ ਜ਼ਮਾਨਤ ਦੇਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਜੇ ਇਹ ਇੱਕ ਔਰਤ ਹੈ ਤਾਂ ਮੌਤ ਦੀ ਸਜ਼ਾ ਦੇ ਮਾਮਲਿਆਂ ਵਿੱਚ ਵੀ ਜ਼ਮਾਨਤ ਦਿੱਤੀ ਜਾ ਸਕਦੀ ਹੈ। ਵਕੀਲ ਨੇ ਕਿਹਾ ਕਿ ਐੱਫ਼.ਆਈ.ਆਰ. 10 ਘੰਟੇ ਬਾਅਦ ਦਰਜ ਕੀਤੀ ਗਈ।
ਉਧਰ ਦਿੱਲੀ ਪੁਲੀਸ ਨੇ ਦਾਅਵਾ ਕੀਤਾ ਕਿ ਉੱਤਰੀ ਦਿੱਲੀ ਦਾ ਨੂਲਾਈਫ਼ ਹਸਪਤਾਲ ਜਿੱਥੇ ਪੀੜਤ ਨੂੰ ਹਾਦਸੇ ਵਾਲੀ ਥਾਂ ਤੋਂ 19 ਕਿਲੋਮੀਟਰ ਦੂਰ ਲਿਜਾਇਆ ਗਿਆ ਸੀ, ਉਹ ਕਥਿਤ ਦੋਸ਼ੀ ਦੇ ਇੱਕ ਰਿਸ਼ਤੇਦਾਰ ਦਾ ਦੱਸਿਆ ਜਾ ਰਿਹਾ ਹੈ। ਵਕੀਲ ਨੇ ਦਲੀਲ ਦਿੱਤੀ ਕਿ ਪੀੜਤ ਨੂੰ ਲੈ ਕੇ ਜਾਣ ਵਾਲੇ ਟੈਕਸੀ ਡਰਾਈਵਰ ਦੇ ਬਿਆਨ ਦੇ ਅਨੁਸਾਰ ਕਥਿਤ ਦੋਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਦੂਜੇ ਹਸਪਤਾਲ ਲਿਜਾਇਆ ਜਾਵੇ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ।