BMW ਹਾਦਸਾ: ਕੋਰਟ ਵੱਲੋਂ ਗਗਨਪ੍ਰੀਤ ਕੌਰ ਨੂੰ ਜ਼ਮਾਨਤ ਦੇਣ ਤੋਂ ਨਾਂਹ
ਪਟਿਆਲਾ ਹਾਊਸ ਕੋਰਟ ਨੇ ਬੀਐੱਮਡਬਲਿਊ ਦੀ ਡਰਾਈਵਰ ਗਗਨਪ੍ਰੀਤ ਕੌਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੌਰ ਨੂੰ 14 ਸਤੰਬਰ ਨੂੰ ਦਿੱਲੀ ਵਿੱਚ ਹੋਏ ਘਾਤਕ BMW ਹਾਦਸੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ’ਤੇ ਅਗਲੀ ਸੁਣਵਾਈ ਸ਼ਨਿੱਚਰਵਾਰ ਨੂੰ ਹੋਵੇਗੀ। ਇਹੀ ਨਹੀਂ ਕੋਰਟ ਨੇ ਹਾਦਸੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖਣ ਦੇ ਵੀ ਹੁਕਮ ਦਿੱਤੇ ਹਨ। ਐਤਵਾਰ ਸ਼ਾਮ ਨੂੰ ਵਾਪਰੇ ਹਾਦਸੇ ਵਿਚ ਬਾਈਕ ਸਵਾਰ ਨਵਜੋਤ ਸਿੰਘ ਦੀ ਮੌਤ ਜਦੋਂਕਿ ਉਨ੍ਹਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਸੀ।
ਇਹ ਪਟੀਸ਼ਨ ਮੁਲਜ਼ਮ ਗਗਨਪ੍ਰੀਤ ਕੌਰ ਦੇ ਵਕੀਲ ਵੱਲੋਂ ਦਾਖ਼ਲ ਕੀਤੀ ਗਈ ਹੈ। ਹਾਦਸੇ ਮੌਕੇ ਗਗਨਪ੍ਰੀਤ ਕੌਰ ਬੀਐੱਮਡਬਲਿਊ ਕਾਰ ਚਲਾ ਰਹੀ ਸੀ। ਕੋਰਟ ਵੱਲੋਂ ਹੁਣ ਇਸ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਇਸ ਦੌਰਾਨ ਗਗਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਜਾਰੀ ਹੈ।
ਕੌਰ ਨੂੰ ਇੱਕ ਘਾਤਕ ਹਾਦਸੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਦਸੇ ਵਿਚ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਵਿਭਾਗ ਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੀ ਜਾਨ ਜਾਂਦੀ ਰਹੀ ਸੀ। ਇਹ ਘਟਨਾ 14 ਸਤੰਬਰ ਨੂੰ ਦਿੱਲੀ ਦੇ ਰਿੰਗ ਰੋਡ ’ਤੇ ਵਾਪਰੀ ਸੀ, ਜਦੋਂ ਸਿੰਘ ਦੇ ਮੋਟਰਸਾਈਕਲ ਨੂੰ ਕੌਰ ਦੀ BMW ਨੇ ਟੱਕਰ ਮਾਰ ਦਿੱਤੀ ਸੀ। ਉਸ ਸਮੇਂ ਸਿੰਘ ਅਤੇ ਉਸ ਦੀ ਪਤਨੀ ਬੰਗਲਾ ਸਾਹਿਬ ਗੁਰਦੁਆਰੇ ਤੋਂ ਵਾਪਸ ਆ ਰਹੇ ਸਨ।
ਕੌਰ ਨੇ ਆਪਣੀ ਪਟੀਸ਼ਨ ਅਰਜ਼ੀ ਵਿਚ ਦਲੀਲ ਦਿੱਤੀ ਕਿ ਟੱਕਰ ‘ਮਹਿਜ਼ ਹਾਦਸਾ’ ਅਤੇ ਅਣਜਾਣੇ ਵਿੱਚ ਹੋਈ ਸੀ। ਉਸ ਨੇ ਇਹ ਵੀ ਦਲੀਲ ਦਿੱਤੀ ਕਿ ਉਸ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ ਦੋ ਛੋਟੀਆਂ ਧੀਆਂ ਦੀ ਮਾਂ ਹੈ। ਦਿੱਲੀ ਪੁਲੀਸ ਨੇ ਮੈਡੀਕਲ ਰਿਪੋਰਟ ਦੇ ਅਧਾਰ ’ਤੇ ਦਾਅਵਾ ਕੀਤਾ ਹੈ ਕਿ ਹਾਦਸੇ ਸਮੇਂ ਗਗਨਦੀਪ ਕੌਰ ਸ਼ਰਾਬ ਦੇ ਪ੍ਰਭਾਵ ਹੇਠ ਨਹੀਂ ਸੀ। ਉਸ ਦੇ ਖੂਨ ਦੇ ਨਮੂਨੇ ਸ਼ਰਾਬ ਪੀਣ ਲਈ ਨੈਗੇਟਿਵ ਆਏ ਹਨ।