BMW ਹਾਦਸਾ: ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ 24 ਤੱਕ ਮੁਲਤਵੀ
BMW accident: Court adjourns bail plea of accused woman to Sep 24ਦਿੱਲੀ ਦੀ ਇੱਕ ਅਦਾਲਤ ਨੇ ਧੌਲਾ ਕੂਆਂ BMW ਹਾਦਸੇ ਦੇ ਮਾਮਲੇ ਵਿੱਚ ਗਗਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 24 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਕਿਉਂਕਿ ਦਿੱਲੀ ਪੁਲੀਸ ਦੀ ਜਾਂਚ ਮੁਕੰਮਲ ਨਹੀਂ ਹੋਈ। ਜਾਣਕਾਰੀ ਅਨੁਸਾਰ ਗਗਨਪ੍ਰੀਤ ਕੌਰ (38) ਕਾਰ ਚਲਾ ਰਹੀ ਸੀ ਜਿਸ ਨੇ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਸੀ ਜਿਸ ਕਾਰਨ ਇਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ।
ਅੱਜ ਦੀ ਸੁਣਵਾਈ ਵੇਲੇ ਸਰਕਾਰੀ ਵਕੀਲ ਨੇ ਸੁਣਵਾਈ ਨੂੰ ਮੁਲਤਵੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਗਗਨਪ੍ਰੀਤ ਕੌਰ ਦੇ ਮੋਬਾਈਲ ਫੋਨ ਤੇ ਡਰਾਈਵਿੰਗ ਲਾਇਸੈਂਸ ਦੀ ਜਾਂਚ ਕੀਤੀ ਜਾਣੀ ਹੈ ਅਤੇ ਸੀਸੀਟੀਵੀ ਫੁਟੇਜ ਪੀੜਤ ਦੀ ਪਤਨੀ ਨੂੰ ਦਿਖਾਉਣੀ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਸ਼ਿਕਾਇਤਕਰਤਾ ਇਸ ਸਮੇਂ ਡਾਕਟਰੀ ਜਾਂਚ ਕਰਨ ਲਈ ਫਿੱਟ ਨਹੀਂ ਹੈ। ਇਸ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਅੰਕਿਤ ਗਰਗ ਨੇ ਮਾਮਲੇ ਦੀ ਸੁਣਵਾਈ 24 ਸਤੰਬਰ ਤੱਕ ਮੁਲਤਵੀ ਕਰ ਦਿੱਤੀ। ਅਦਾਲਤ ਨੇ ਗਗਨਪ੍ਰੀਤ ਕੌਰ ਨੂੰ 27 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਦੌਰਾਨ ਅਦਾਲਤ ਨੇ ਦਿੱਲੀ ਪੁਲੀਸ ਦੇ ਜਵਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਧੌਲਾ ਕੂਆਂ ਮੈਟਰੋ ਖੰਭਿਆਂ 65 ਅਤੇ 67 ਦੀ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਇਸ ਤੋਂ ਪਹਿਲਾਂ ਗਗਨਪ੍ਰੀਤ ਕੌਰ ਦੇ ਵਕੀਲ ਨੇ ਫੁਟੇਜ ਦੀ ਮੰਗ ਕੀਤੀ ਸੀ। ਪੀਟੀਆਈ