ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਪੰਜਾਬ ਦੀ ‘ਆਪ’ ਸਰਕਾਰ
ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕੌਮੀ ਰਾਜਧਾਨੀ ਵਿਚ ਹਵਾ ਦੀ ਮਾੜੀ ਗੁਣਵੱਤਾ ਲਈ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਦਿੱਤੇ ਜਾਂਦੇ ਇਨਸੈਂਟਿਵਾਂ ਦੇ ਬਾਵਜੂਦ ‘ਆਪ’ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ।
ਸਿਰਸਾ ਨੇ ਏਐੱਨਆਈ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ, ‘‘ਪੰਜਾਬ ਵਿੱਚ, ਆਮ ਆਦਮੀ ਪਾਰਟੀ ਸੱਤਾ ਵਿੱਚ ਹੈ। ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦੇ। ਉਨ੍ਹਾਂ ਨੂੰ ਹੁਣ ਇਸ ਦਾ ਭੁਗਤਾਨ ਵੀ ਮਿਲਦਾ ਹੈ, ਤਾਂ ਜੋ ਉਹ ਇਸ ਨੂੰ ਨਾ ਸਾੜਨ। ਪਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਅੱਜ ਦੇ ਅਖਬਾਰ ਵਿੱਚ ਛਪਿਆ ਹੈ। ਜ਼ਿਆਦਾਤਰ ਘਟਨਾਵਾਂ ਕੱਲ੍ਹ ਵਾਪਰੀਆਂ। ਲੋਕਾਂ ਨੂੰ ਨਕਾਬਪੋਸ਼ ਬਣਾਇਆ ਗਿਆ ਸੀ ਅਤੇ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇੱਕ ‘ਆਪ’ ਵਰਕਰ ਦਾ ਵੀਡੀਓ ਹੈ ਜੋ ਕਹਿ ਰਿਹਾ ਹੈ, ‘ਸਾਨੂੰ ਇਸ ਨੂੰ ਸਾੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਨੂੰ ਕੌਣ ਮਜਬੂਰ ਕਰ ਰਿਹਾ ਹੈ? ਭਾਜਪਾ ਪੰਜਾਬ ਵਿੱਚ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੀ।’
ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ‘ਦੀਵਾਲੀ, ਹਿੰਦੂਆਂ ਤੇ ਸਨਾਤਨੀਆਂ’ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੀ ਮਾੜੀ ਹਵਾ ਗੁਣਵੱਤਾ ਨੂੰ ਤਿਓਹਾਰ ਨਾਲ ਜੋੜਨਾ ਕਿਸੇ ‘ਪਾਪ’ ਤੋਂ ਘੱਟ ਨਹੀਂ ਹੈ।
ਸਿਰਸਾ ਨੇ ਹਿੰਦੂ ਧਾਰਮਿਕ ਰਹੁ-ਰੀਤਾਂ ਉੱਤੇ ਪਾਬੰਦੀ ਲਗਾਉਣ ਦੀਆਂ ਸਿਆਸਤ ਤੋਂ ਪ੍ਰੇਰਿਤ ਕੋਸ਼ਿਸ਼ਾਂ ਨੂੰ ਲੈ ਕੇ ‘ਆਪ’ ਉੱਤੇ ਵਰ੍ਹਦਿਆਂ ਕਿਹਾ, ‘‘ਇਹ ਪਟਾਕੇ ਨਹੀਂ ਹਨ... ਆਮ ਆਦਮੀ ਪਾਰਟੀ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਇਹ ਸਾਬਤ ਕਰਨ ਲਈ ਲਗਾ ਰਹੀ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੀਵਾਲੀ ਕਰਕੇ ਹੈ। ਉਨ੍ਹਾਂ ਦਾ ਸਾਰਾ ਧਿਆਨ ਇਸ ਉੱਤੇ ਕੇਂਦਰਿਤ ਹਨ ਕਿਉਂਕਿ ਉਨ੍ਹਾਂ ਕੋਲ ਖੁਸ਼ ਕਰਨ ਲਈ ਇੱਕ ਖਾਸ ਵੋਟ ਬੈਂਕ ਹੈ। ਉਹ ਇਹ ਕਹਿ ਕੇ ਦੀਵਾਲੀ ’ਤੇ ਪਾਬੰਦੀ ਲਗਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਕਿ ਦੀਵੇ ਜਗਾਉਣ ਅਤੇ ਪਟਾਕੇ ਚਲਾਉਣ ਨਾਲ ਧੂੰਆਂ ਪੈਦਾ ਹੁੰਦਾ ਹੈ।’’ ਇਸ ਦਾਅਵੇ ਦਾ ਵਿਰੋਧ ਕਰਨ ਲਈ, ਸਿਰਸਾ ਨੇ ਪਿਛਲੇ ਸਾਲਾਂ ਦੇ ਤੁਲਨਾਤਮਕ ਅੰਕੜੇ ਪ੍ਰਦਾਨ ਕੀਤੇ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਦੀਵਾਲੀ ਦਾ ਪ੍ਰਦੂਸ਼ਣ ਦੇ ਪੱਧਰਾਂ ’ਤੇ ਪ੍ਰਭਾਵ ਘੱਟ ਹੈ।
ਸਿਰਸਾ ਨੇ ਕਿਹਾ ਕਿ ਉਨ੍ਹਾਂ ਸਾਲਾਂ ਵਿੱਚ ਵੀ ਜਦੋਂ ਪਟਾਕਿਆਂ ’ਤੇ ਪਾਬੰਦੀ ਲਗਾਈ ਗਈ ਸੀ, AQI ਦੇ ਪੱਧਰ ਵਿੱਚ ਕਾਫ਼ੀ ਵਾਧਾ ਹੋਇਆ ਸੀ। ਉਨ੍ਹਾਂ ਕਿਹਾ, ‘‘ਪਿਛਲੇ ਸਾਲ, ਪਟਾਕਿਆਂ ’ਤੇ ਪਾਬੰਦੀ ਦੇ ਬਾਵਜੂਦ, ਦੀਵਾਲੀ ਦੀ ਪੂਰਬਲੀ ਸੰਧਿਆ AQI 328 ਸੀ, ਜੋ ਅਗਲੀ ਸਵੇਰ 360 ਹੋ ਗਿਆ। ਇੱਕ ਸਾਲ ਪਹਿਲਾਂ, 2023 ਵਿੱਚ, ਇਹ 218 ਤੋਂ 301 ਤੱਕ ਵਧ ਗਿਆ, ਜੋ ਕਿ 83 ਅੰਕਾਂ ਦੀ ਉਛਾਲ ਸੀ।’’ ਸਿਰਸਾ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਦੀਵਾਲੀ ਦੇ ਤਿਓਹਾਰ ਸਿਰ ਠੀਕਰਾ ਭੰਨਣਾ ਗੁੰਮਰਾਹਕੁਨ ਹੈ।
ਉਨ੍ਹਾਂ ਕਿਹਾ, ‘‘ਇਸ ਲਈ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧੇ ਲਈ ਸਿਰਫ਼ ਦੀਵਾਲੀ ਦੇ ਪਟਾਕਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਗੁੰਮਰਾਹਕੁਨ ਹੋਵੇਗਾ। ਇਸ ਦਾ ਕੁਝ ਪ੍ਰਭਾਵ ਹੋ ਸਕਦਾ ਹੈ, ਪਰ ਆਮ ਆਦਮੀ ਪਾਰਟੀ ਇਹ ਸੁਝਾਅ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੀਵਾਲੀ, ਹਿੰਦੂ ਅਤੇ ਸਨਾਤਨੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ, ਉਹ ਇੱਕ ਪਾਪ ਹੈ।’’