ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਜਪਾ ਨੇ ਦਿੱਲੀ ਜਿੱਤੀ; ਦਹਾਕੇ ਮਗਰੋਂ ਤੋੜਿਆ ‘ਆਪ’ ਦਾ ਗੜ੍ਹ 

‘ਆਪ’ ਦੇ ਵੱਡੇ ਆਗੂ ਹਾਰੇ; ਕਾਂਗਰਸ ਨੇ ‘ਆਪ’ ਨੂੰ ਲਾਇਆ ਖੋਰਾ; ਭਾਜਪਾ ਦਾ ਵੋਟ ਫ਼ੀਸਦ ਪਹਿਲਾਂ ਨਾਲੋਂ ਵਧਿਆ
ਵਿਧਾਨ ਸਭਾ ਰਾਜ਼ੌਰੀ ਗਾਰਡਨ ਦੀ ਸੀਟ ਜਿੱਤਣ ਮਗਰੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਆਪਣੇ ਪਰਿਵਾਰ ਨਾਲ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 8 ਫਰਵਰੀ

Advertisement

ਦਿੱਲੀ ਵਿਧਾਨ ਸਭਾ ਚੋਣਾਂ 2025 ਦੀਆਂ ਸਾਰੀਆਂ 70 ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਹੀ ਭਾਜਪਾ ਨੇ ਦਸ ਸਾਲਾਂ ਤੋਂ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਇਸ ਦੇ ਪ੍ਰਮੁੱਖ ਆਗੂਆਂ ਨੂੰ ਪਛਾੜਦੇ ਹੋਏ ਜਿੱਤ ਵੱਲ ਕਦਮ ਵਧਾ ਦਿੱਤੇ। ਭਾਜਪਾ ਨੇ ਕਰੀਬ 27 ਸਾਲ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ ਜਿੱਤੀਆਂ।

ਨਵੀਂ ਦਿੱਲੀ ਹਲਕੇ ਤੋਂ ਭਾਜਪਾ ਦੇ ਜੇਤੂ ਉਮੀਦਵਾਰ ਪ੍ਰਵੇਸ਼ ਵਰਮਾ ਜੇਤੂ ਅੰਦਾਜ਼ ਵਿੱਚ। -ਫੋਟੋ: ਏਐੱਨਆਈ

ਚੋਣ ਕਮਿਸ਼ਨ ਮੁਤਾਬਕ ਭਾਜਪਾ ਨੇ 48 ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਜਦੋਂਕਿ ‘ਆਪ’ ਨੂੰ 22 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਲਗਾਤਾਰ 15 ਸਾਲ ਸ਼ੀਲਾ ਦੀਕਸ਼ਿਤ ਦੀ ਅਗਵਾਈ ਹੇਠ ਦਿੱਲੀ ਸਰਕਾਰ ਚਲਾਉਣ ਵਾਲੀ ਕਾਂਗਰਸ ਨੂੰ ਲਗਾਤਾਰ ਤੀਜੀ ਵਾਰ ਕੋਈ ਵੀ ਸੀਟ ਨਹੀਂ ਮਿਲੀ ਪਰ ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ਦਾ ਵੋਟ ਫ਼ੀਸਦੀ ਵਧਾ ਕੇ ਆਮ ਆਦਮੀ ਪਾਰਟੀ ਨੂੰ ਖਾਸਾ ਖੋਰਾ ਲਾਇਆ। ਭਾਜਪਾ ਨੇ ਦਿੱਲੀ 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ ਵੋਟਾਂ ਦਾ 46.19 ਫ਼ੀਸਦ ਹਾਸਲ ਕੀਤਾ ਹੈ। ‘ਆਪ’ ਨੇ 43.55 ਫੀਸਦੀ ਅਤੇ ਕਾਂਗਰਸ ਨੇ 6.38 ਫੀਸਦੀ ਵੋਟਾਂ ਹਾਸਲ ਕੀਤੀਆਂ। ਭਾਜਪਾ ਦੇ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 4,089 ਵੋਟਾਂ ਨਾਲ ਹਰਾ ਕੇ 30,088 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਦੀਪ ਦੀਕਸ਼ਿਤ ਨੇ 4,568 ਵੋਟਾਂ ਹਾਸਲ ਕੀਤੀਆਂ। ‘ਆਪ’ ਦੇ ਦਿੱਗਜ ਆਗੂ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਰਾਖੀ ਬਿਰਲਾ, ਸੌਰਭ ਭਾਰਦਵਾਜ ਵਰਗੇ ਆਗੂਆਂ ਨੂੰ ਹਾਰ ਮਿਲੀ। ਭਾਜਪਾ ਵੱਲੋਂ ਪ੍ਰਵੇਸ਼ ਵਰਮਾ, ਹਰੀਸ਼ ਖੁਰਾਣਾ, ਮਨਜਿੰਦਰ ਸਿੰਘ ਸਿਰਸਾ, ਤਰਵਿੰਦਰ ਸਿੰਘ ਮਾਰਵਾਹ ਅਤੇ ਹੋਰ ਉਮੀਦਵਾਰਾਂ ਨੂੰ ਜਿੱਤ ਮਿਲੀ।

ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਅਤੇ ਦਿੱਲੀ ਦੇ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਪਾਰਟੀ ਦੀ ਜਿੱਤ ਮਗਰੋਂ ਖੁਸ਼ੀ ਮਨਾਉਂਦੇ ਹੋਏ। -ਫੋਟੋ: ਏਐੱਨਆਈ

‘ਵਿਧਾਨ ਸਭਾ ਦੀ ਹਾਰ ਸਮੁੱਚੀ ਵਿਰੋਧੀ ਧਿਰ ਲਈ ਝਟਕਾ’

ਨਵੀਂ ਦਿੱਲੀ (ਪੱਤਰ ਪ੍ਰੇਰਕ):

‘ਆਪ’ ਦੇ ਸਾਬਕਾ ਆਗੂ ਯੋਗੇਂਦਰ ਯਾਦਵ ਨੇ ਦਿੱਲੀ ਵਿੱਚ ਹੋਈ ਹਾਰ ਲਈ ਪਾਰਟੀ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਦਿੱਲੀ ਵਿਧਾਨ ਸਭਾ ਦੀ ਹਾਰ ਨੂੰ ਸਮੁੱਚੀ ਵਿਰੋਧੀ ਧਿਰ ਦੀ ਹਾਰ ਦੱਸਿਆ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਹਾਰ ਨਾ ਸਿਰਫ਼ ‘ਆਪ’ ਲਈ ਸਗੋਂ ਉਨ੍ਹਾਂ ਸਾਰਿਆਂ ਲਈ ਝਟਕਾ ਹੈ, ਜਿਨ੍ਹਾਂ ਨੇ ਭਾਰਤੀ ਰਾਜਨੀਤੀ ਵਿੱਚ ਬਦਲਵੀਂ ਰਾਜਨੀਤੀ ਦਾ ਸੁਫ਼ਨਾ ਦੇਖਿਆ ਸੀ। ‘ਆਪ’ ਇਹ ਕਹਿ ਸਕਦੀ ਹੈ ਕਿ ਉਹ ਦਸ ਸਾਲਾਂ ਬਾਅਦ ਚੋਣਾਂ ਹਾਰ ਗਈ ਤੇ ਵੋਟ ਹਿੱਸੇਦਾਰੀ ਦਾ ਅੰਤਰ ਸਿਰਫ਼ 5% ਸੀ, ਪਰ ਜਦੋਂ ਪਾਰਟੀ ਦੇ ਚੋਟੀ ਦੇ ਆਗੂ ਆਪਣੀਆਂ ਸੀਟਾਂ ਗੁਆ ਬੈਠਣ ਤਾਂ ਇਹ ਸਿਰਫ਼ ਇੱਕ ਮਾਮੂਲੀ ਹਾਰ ਨਹੀਂ, ਸਗੋਂ ਇੱਕ ਵੱਡੀ ਚਿਤਾਵਨੀ ਹੈ। ਭਾਜਪਾ ਇੱਥੇ ਹੀ ਨਹੀਂ ਰੁਕੇਗੀ, ਉਹ ‘ਆਪ’ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰੇਗੀ। ਸ੍ਰੀ ਯਾਦਵ ਨੇ ਕਿਹਾ ਕਿ ਇਸ ਚੋਣ ’ਚ ਹਾਰ ਦਰਸਾਉਂਦੀ ਹੈ ਕਿ ਚੋਣਾਂ ਸਿਰਫ਼ ਮੁਫ਼ਤ ਸਕੀਮਾਂ ਦੇ ਆਧਾਰ ’ਤੇ ਨਹੀਂ ਜਿੱਤੀਆਂ ਜਾ ਸਕਦੀਆਂ ਹਨ।

ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਚੌਥਾ ਮੁੱਖ ਮੰਤਰੀ

ਨਵੀਂ ਦਿੱਲੀ (ਪੱਤਰ ਪ੍ਰੇਰਕ):

ਭਾਜਪਾ 27 ਸਾਲਾਂ ਬਾਅਦ ਦਿੱਲੀ ਵਿੱਚ ਸੱਤਾ ਵਿੱਚ ਵਾਪਸੀ ਕੀਤੀ ਹੈ। ਭਾਜਪਾ ਦੇ ਇਸ ਤੋਂ ਪਹਿਲਾਂ ਦਿੱਲੀ ਵਿੱਚ ਤਿੰਨ ਮੁੱਖ ਮੰਤਰੀ ਰਹਿ ਚੁੱਕੇ ਹਨ- ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਅਤੇ ਸੁਸ਼ਮਾ ਸਵਰਾਜ। ਚੌਥੇ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਭਾਜਪਾ ਨੇ 1993 ਅਤੇ 1998 ਦੇ ਵਿਚਕਾਰ ਦਿੱਲੀ ’ਤੇ ਸ਼ਾਸਨ ਕੀਤਾ ਤੇ ਇਸ ਦੇ ਪਿਛਲੇ ਤਿੰਨ ਮੁੱਖ ਮੰਤਰੀਆਂ ਦੇ ਕਾਰਜਕਾਲ ਵਿੱਚ ਸਿਆਸੀ ਘੁਟਾਲੇ ਅਤੇ ਅੰਦਰੂਨੀ ਲੜਾਈਆਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਅਤੇ ਕਮਜ਼ੋਰ ਕੀਤਾ। ਮਦਨ ਲਾਲ ਖੁਰਾਣਾ 69ਵੇਂ ਸੰਵਿਧਾਨ ਸੋਧ ਐਕਟ, 1991 ਰਾਹੀਂ ਰਾਜ ਵਿਧਾਨ ਸਭਾ ਦੀ ਬਹਾਲੀ ਤੋਂ ਬਾਅਦ ਖੁਰਾਣਾ ਦਿੱਲੀ ਦੀ ਸੇਵਾ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਸਨ। ਹਾਲਾਂਕਿ ਉਹ ਸੱਤਾ ਵਿੱਚ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

ਸਿਰਸਾ ਅਤੇ ਪ੍ਰਵੇਸ਼ ਵਰਮਾ ਨੇ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ):

ਭਾਜਪਾ ਦੇ ਕੌਮੀ ਸਕੱਤਰ ਤੇ ਰਾਜੌਰੀ ਗਾਰਡਨ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਲੋਕਾਂ ਖਾਸ ਤੌਰ ’ਤੇ ਰਾਜੌਰੀ ਗਾਰਡਨ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਮੌਜੂਦਾ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਸਾਥ ਦਿੱਤਾ ਹੈ ਅਤੇ ਉਨ੍ਹਾਂ ਪ੍ਰਣ ਲਿਆ ਕਿ ਉਹ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨਗੇ। ਉਨ੍ਹਾਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਨਾਲ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਵਾਂ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਦੇਸ਼ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਰਾਜੌਰੀ ਗਾਰਡਨ ਅਤੇ ਦਿੱਲੀ ਦੇ ਲੋਕਾਂ ਦੇ ਕਰਜ਼ਦਾਰ ਹਨ ਜਿਨ੍ਹਾਂ ਨੇ ਭਾਜਪਾ ਲਈ ਵੋਟਾਂ ਪਾਈਆਂ ਹਨ।

Advertisement