ਦਿੱਲੀ ਸੇਵਾਵਾਂ ਕਾਨੂੰਨ ਬਾਰੇ ਜਾਗਰੂਕ ਕਰੇਗੀ ਭਾਜਪਾ
ਨਵੀਂ ਦਿੱਲੀ, 22 ਅਗਸਤ
ਦਿੱਲੀ ਪ੍ਰਦੇਸ਼ ਭਾਜਪਾ ਨੇ ਅੱਜ ਸ਼ਹਿਰ ਦੇ 7 ਲੋਕ ਸਭਾ ਹਲਕਿਆਂ ਵਿੱਚ ਲੋਕਾਂ ਨੂੰ ਦਿੱਲੀ ਸੇਵਾਵਾਂ ਕਾਨੂੰਨ ਸਬੰਧੀ ਜਾਗਰੂਕ ਕਰਨ ਲਈ ਵੀਡੀਓ ਵੈਨਾਂ ਨੂੰ ਰਵਾਨਾ ਕੀਤਾ ਹੈ। ਇਨ੍ਹਾਂ ਵੈਨਾਂ ਨੂੰ ਹਰੀ ਝੰਡੀ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਿਖਾਈ। ਇਸ ਮੌਕੇ ਹੋਏ ਸਮਾਗਮ ’ਚ ਸੰਸਦ ਮੈਂਬਰ ਹਰਸ਼ ਵਰਧਨ, ਰਮੇਸ਼ ਬਿਧੂੜੀ ਅਤੇ ਪਰਵੇਸ਼ ਵਰਮਾ ਤੋਂ ਇਲਾਵਾ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਅਤੇ ਸੂਬਾ ਇਕਾਈ ਦੇ ਇੰਚਾਰਜ ਬੈਜਯੰਤ ਪਾਂਡਾ ਵੀ ਮੌਜੂਦ ਸਨ। ਇਸ ਦੌਰਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਇਹ ਵੈਨਾਂ ਰਾਹੀਂ ਸੱਤ ਲੋਕ ਸਭਾ ਹਲਕਿਆਂ ’ਚ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਦਿੱਲੀ ਸੇਵਾਵਾਂ ਕਾਨੂੰਨ ਲਿਆਉਣ ਕਿੰਨਾ ਜ਼ਰੂਰੀ ਸੀ। ਸਚਦੇਵਾ ਨੇ ਕਿਹਾ ਕਿ ਮੋਬਾਈਲ ਵੀਡੀਓ ਵੈਨ ਲੋਕ ਸਭਾ ਹਲਕਿਆਂ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਦਾ ਦੌਰਾ ਕਰੇਗੀ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਸੇਵਾਵਾਂ ਬਿੱਲ ਲਿਆਉਣਾ ਕਿਉਂ ਜ਼ਰੂਰੀ ਸੀ।
ਦਿੱਲੀ ਬੀਜੇਪੀ ਪ੍ਰਧਾਨ ਨੇ ਦੋਸ਼ ਲਾਇਆ, ‘‘ਸੇਵਾ ਬਿੱਲ ਦਿੱਲੀ ਨੂੰ ਕੇਜਰੀਵਾਲ ਸਰਕਾਰ ਤੋਂ ਬਚਾਉਣ ਲਈ ਜ਼ਰੂਰੀ ਸੀ, ਜੋ ਆਪਣੇ ਸਵਾਰਥੀ ਹਿੱਤਾਂ ਅਤੇ ਭ੍ਰਿਸ਼ਟਾਚਾਰ ਵਿੱਚ ਰੁੱਝੀ ਹੋਈ ਹੈ।’’ ਇਸ ਦੌਰਾਨ ਦਿੱਲੀ ਭਾਜਪਾ ਦੇ ਸੀਨੀਅਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਲੋਕ ਸਭਾ ਹਲਕੇ ਲਈ ਸੱਤ ਮੋਬਾਈਲ ਵੈਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਨੇਤਾਵਾਂ ਦੀ ਵੀਡੀਓ ਵੀ ਦਿਖਾਏਗੀ, ਜੋ ਸੰਸਦ ਵਿੱਚ ਅਤੇ ਬਾਹਰ ਸੇਵਾ ਬਿੱਲ ਦਾ ਬਚਾਅ ਕਰਦੇ ਹਨ ਅਤੇ ਇਸ ਦੀ ਜ਼ਰੂਰਤ ਨੂੰ ਸਮਝਾਉਂਦੇ ਹਨ। -ਪੀਟੀਆਈ