ਭਾਜਪਾ ਵੱਲੋਂ ਮਮਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਬੰਗਾਲ ’ਚ ਭਾਜਪਾ ਦੇ ਸੰਸਦ ਮੈਂਬਰ ਖਗੇਨ ਮੁਰਮੂ ’ਤੇ ਕਥਿਤ ਹਮਲੇ ਦਾ ਵਿਰੋਧ
ਪੱਛਮੀ ਬੰਗਾਲ ਦੇ ਜ਼ਿਲ੍ਹੇ ਜਲਪਾਈਗੁੜੀ ਵਿੱਚ ਭਾਜਪਾ ਸੰਸਦ ਮੈਂਬਰ ਖਗੇਨ ਮੁਰਮੂ ’ਤੇ ਹੋਏ ਕਥਿਤ ਹਮਲੇ ਦੇ ਵਿਰੋਧ ਵਿੱਚ ਦਿੱਲੀ ਭਾਜਪਾ ਘੱਟ ਗਿਣਤੀ ਮੋਰਚਾ ਅਤੇ ਕਈ ਭਾਜਪਾ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਆਪਣੇ ਸ਼ਾਸਨ ਦੌਰਾਨ ਭਾਜਪਾ ਆਗੂਆਂ ’ਤੇ ਲਗਾਤਾਰ ਹਮਲੇ ਕਰਨ ਅਤੇ ਰਾਜ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਭੰਗ ਕਰਨ ਦਾ ਦੋਸ਼ ਲਗਾਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਟੀ ਐੱਮ ਸੀ ਨੇ ਦੋ ਵਾਰ ਹਮਲੇ ਦੀ ਯੋਜਨਾ ਬਣਾਈ ਸੀ।
ਭਾਜਪਾ ਘੱਟ ਗਿਣਤੀ ਮੋਰਚਾ ਨੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਭਾਜਪਾ ਘੱਟ ਗਿਣਤੀ ਮੋਰਚਾ ਦੇ ਪ੍ਰਧਾਨ ਅਨੀਸ਼ ਅੱਬਾਸੀ ਨੇ ਪੱਛਮੀ ਬੰਗਾਲ ਸਰਕਾਰ ’ਤੇ ਦੋਸ਼ ਲਾਉਂਦਿਆ ਕਿਹਾ ਕਿ ਦੋ ਵਾਰ ਦੇ ਸੰਸਦ ਮੈਂਬਰ ਖਗੇਨ ਮੁਰਮੂ ’ਤੇ ਹਮਲਾ ਕਰਵਾਉਣ ਲਈ ਪੱਛਮੀ ਬੰਗਾਲ ਸਰਕਾਰ ਨੇ ਹਮਲਾਵਰਾਂ ਨੂੰ ਭੇਜਿਆ। ਸੰਸਦ ਮੈਂਬਰ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਘੱਟ ਗਿਣਤੀ ਮੋਰਚਾ ਦੇ ਵਰਕਰ ਇਸ ਬੇਰਹਿਮੀ ਦਾ ਵਿਰੋਧ ਕਰ ਰਹੇ ਹਨ ਅਤੇ ਦੇਸ਼ ਭਰ ਵਿੱਚ ਮਮਤਾ ਸਰਕਾਰ ਦੀ ਗੁੰਡਾਗਰਦੀ ਦਾ ਪਰਦਾਫਾਸ਼ ਕਰਨਗੇ। ਦਿੱਲੀ ਭਾਜਪਾ ਪ੍ਰਧਾਨ ਵਿਰੇਂਦਰ ਸਚਦੇਵਾ ਦੀ ਅਗਵਾਈ ਵਿੱਚ, ਦਿੱਲੀ ਬੰਗਾ ਭਵਨ ਦੇ ਸਾਹਮਣੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮਮਤਾ ਬੈਨਰਜੀ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੱਥੇ ਹਰ ਰਾਜ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਕੰਮ ਕਰ ਰਹੀਆਂ ਹਨ, ਉੱਥੇ ਹੀ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਬੰਗਾਲ ਵਿੱਚ ਵਾਪਰ ਰਹੀਆਂ ਘਟਨਾਵਾਂ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਇਸ ਗੱਲ ਤੋਂ ਨਾਖੁਸ਼ ਹੈ ਕਿ ਭਾਜਪਾ ਆਗੂ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਬੰਗਾਲ, ਜੋ ਕਦੇ ਆਪਣੀ ਸੱਭਿਆਚਾਰਕ ਅਮੀਰੀ ਲਈ ਮਸ਼ਹੂਰ ਸੀ, ਜਿੱਥੇ ਰਬਿੰਦਰਨਾਥ ਟੈਗੋਰ, ਰਾਮਕ੍ਰਿਸ਼ਨ ਪਰਮਹੰਸ, ਸੁਭਾਸ਼ ਚੰਦਰ ਬੋਸ ਅਤੇ ਹੋਰਾਂ ਦੇ ਨਾਮ ਸਤਿਕਾਰੇ ਜਾਂਦੇ ਸਨ, ਹੁਣ ਬੰਦੂਕਾਂ ਅਤੇ ਬੰਬ ਧਮਾਕੇ ਦੇਖ ਰਿਹਾ ਹੈ।