ਰੇਖਾ ਗੁਪਤਾ ਨੂੰ ਮਿਲੇ ਭਾਜਪਾ ਦੇ ਸੰਸਦ ਮੈਂਬਰ
ਭਾਜਪਾ ਦੇ ਸੰਸਦ ਮੈਂਬਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਮਿਲੇ ਅਤੇ ਉਨ੍ਹਾਂ ਦੀ ਸਿਹਤ ਅਤੇ ਜਨਤਕ ਰੁਝੇਵਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਅਤੇ ਭਾਜਪਾ ਦੇ ਹੋਰ ਸੰਸਦ ਮੈਂਬਰਾਂ ਨੇ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ। ਦਿੱਲੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਹੁਣ ਠੀਕ ਹੋ ਰਹੇ ਹਨ, ਉਹ ਜਲਦੀ ਹੀ ਆਪਣੀਆਂ ਸਰਕਾਰੀ ਡਿਊਟੀਆਂ ਦੁਬਾਰਾ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਇਹ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਨੂੰ ਪ੍ਰਭਾਵਤ ਨਹੀਂ ਕਰਨਗੀਆਂ। ਦਿੱਲੀ ਦੇ ਸਾਰੇ ਸੱਤ ਸੰਸਦ ਮੈਂਬਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਹਤਯਾਬੀ ਬਾਰੇ ਪੁੱਛਣ ਲਈ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਗਏ। ਭਾਜਪਾ ਦੇ ਸਾਂਸਦਾਂ ਨੇ ਕਿਹਾ ਕਿ ਰੇਖਾ ਗੁਪਤਾ ਬਹਾਦਰ ਹੈ ਤੇ ਉਨ੍ਹਾਂ ਦਾ ਹੌਸਲਾ ਅਜੇ ਵੀ ਉੱਚਾ ਹੈ। ਉਹ ਹਮੇਸ਼ਾ ਵਾਂਗ ਸਾਰਿਆਂ ਨੂੰ ਮਿਲਦੀ ਰਹੇਗੀ, ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਨੋਜ ਤਿਵਾੜੀ ਨੇ ਕਿਹਾ ਕਿ ਹਮਲੇ ਕਾਰਨ ਮੁੱਖ ਮੰਤਰੀ ਦਾ ਹੌਸਲਾ ਜਾਂ ਜਨਤਕ ਸੇਵਾ ਪ੍ਰਭਾਵਿਤ ਨਹੀਂ ਹੋਈ। ਕਮਲਜੀਤ ਸਹਿਰਾਵਤ ਨੇ ਘਟਨਾ ਦੇ ਸੁਰੱਖਿਆ ਪਹਿਲੂ ’ਤੇ ਦਲੀਲ ਪੇਸ਼ ਕੀਤੀ ਅਤੇ ਕਿਹਾ ਕਿ ਇਹ ਘਟਨਾ ਸੁਰੱਖਿਆ ਦੀ ਕੁਤਾਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਠੀਕ ਹਨ, ਉਹ ਜਲਦੀ ਹੀ ਲੋਕਾਂ ਵਿੱਚ ਦਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਇਹ ਸੁਰੱਖਿਆ ਦੀ ਕੁਤਾਹੀ ਨਹੀਂ ਸੀ, ਪਰ ਇਹ ਉਮੀਦ ਨਹੀਂ ਸੀ ਕਿ ਜਨਤਾ ਵਿੱਚੋਂ ਕੋਈ ਵਿਅਕਤੀ ਅਜਿਹਾ ਕੁਝ ਵੀ ਕਰੇਗਾ। ਪੁਲੀਸ ਆਪਣਾ ਕੰਮ ਕਰ ਰਹੀ ਹੈ। ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਵਧਦੀ ਪ੍ਰਸਿੱਧੀ ਹੀ ਉਨ੍ਹਾਂ ’ਤੇ ਹੋਏ ਹਮਲੇ ਦਾ ਇੱਕੋ ਇੱਕ ਕਾਰਨ ਹੈ।