ਦਿੱਲੀ ਸੂਬੇ ਦੇ ਕਰਵੀਨਰ ਸੌਰਭ ਭਾਰਦਵਾਜ ਨੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ। ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਨਿੱਜੀ ਸਕੂਲਾਂ ਦੀਆਂ ਫੀਸਾਂ ਵਧਾ ਕੇ ਸਿੱਖਿਆ ਮਾਫੀਆ ਨੂੰ ਲਾਭ ਪਹੁੰਚਾਉਣ ਤੋਂ ਬਾਅਦ, ਭਾਜਪਾ ਸਰਕਾਰ ਹੁਣ ਨਿੱਜੀ ਹਸਪਤਾਲਾਂ ਨੂੰ ਲਾਭ ਪਹੁੰਚਾਉਣ ਲਈ ਸਰਕਾਰੀ ਹਸਪਤਾਲਾਂ ਨੂੰ ਬਰਬਾਦ ਕਰ ਰਹੀ ਹੈ। ਇਸੇ ਕਰ ਕੇ ਸਰਕਾਰੀ ਹਸਪਤਾਲਾਂ ਵਿੱਚ ਸਰਜੀਕਲ ਉਪਕਰਣਾਂ, ਦਸਤਾਨੇ ਅਤੇ ਦਵਾਈਆਂ ਦੀ ਜਾਣਬੁੱਝ ਕੇ ਘਾਟ ਹੈ। ਇਸ ਦੌਰਾਨ ਸਿਹਤ ਮੰਤਰਾਲੇ ਨੇ ਹਸਪਤਾਲਾਂ ਵੱਲੋਂ ਦਵਾਈਆਂ ਖਰੀਦਣ ’ਤੇ ਪਾਬੰਦੀ ਲਗਾ ਦਿੱਤੀ ਹੈ, ਅਤੇ ਹਸਪਤਾਲ ਸੁਪਰਡੈਂਟਾਂ ਨੂੰ ਆਪਣੇ ਆਪ ਦਵਾਈਆਂ ਖਰੀਦਣ ਦੀ ਆਗਿਆ ਨਹੀਂ ਹੈ। ਨਤੀਜੇ ਵਜੋਂ, ਸਰਕਾਰੀ ਹਸਪਤਾਲਾਂ ਵਿੱਚ ਹਫੜਾ-ਦਫੜੀ ਹੈ। ਭਾਜਪਾ ਸਹੂਲਤਾਂ ਦੀ ਘਾਟ ਦਿਖਾ ਕੇ ਸਿਹਤ ਸੇਵਾਵਾਂ ਨੂੰ ਨਿੱਜੀ ਹੱਥਾਂ
ਵਿੱਚ ਸੌਂਪਣਾ ਚਾਹੁੰਦੀ ਹੈ। ਪ੍ਰੈੱਸ ਕਾਨਫਰੰਸ ਵਿੱਚ ਭਾਰਦਵਾਜ ਨੇ ਕਿਹਾ ਕਿ ਭਾਜਪਾ ਸਰਕਾਰ ਦਿੱਲੀ ਵਿੱਚ ਲਗਪਗ ਅੱਠ ਮਹੀਨਿਆਂ ਤੋਂ ਸੱਤਾ ਵਿੱਚ ਹੈ। ਇਸ ਵੇਲੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਮਾੜੀ ਹੈ। ਭਾਜਪਾ ਸਰਕਾਰ ਦੇ ਅੱਠ ਮਹੀਨਿਆਂ ਵਿੱਚ ਦਿੱਲੀ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਵਿਗੜ ਗਈ ਹੈ। ਦਵਾਈਆਂ, ਸਰਜੀਕਲ ਉਪਕਰਣ, ਦਸਤਾਨੇ ਅਤੇ ਇਮਪਲਾਂਟ ਵਰਗੀਆਂ ਜ਼ਰੂਰੀ ਸਪਲਾਈਆਂ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਜਾਣਬੁੱਝ ਕੇ ਸਿਹਤ ਸੰਭਾਲ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਪੈਦਾ ਕਰ ਕੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵੱਲ ਧੱਕਿਆ ਜਾ ਰਿਹਾ ਹੈ। ਪਹਿਲਾਂ, ਅਰਵਿੰਦ ਕੇਜਰੀਵਾਲ ਸਰਕਾਰ ਦੇ ਅਧੀਨ, ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਸਨ।
ਦਸਤਾਨਿਆਂ ਲਈ ਵੀ ਤਰਸ ਰਹੇ ਨੇ ਲੋਕ: ਸਿਸੋਦੀਆ
ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਮੁਫਤ ਦਵਾਈ ਦੀ ਘਾਟ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ, “ਭਾਜਪਾ ਨੇ ਸਿਰਫ਼ ਛੇ ਮਹੀਨਿਆਂ ਵਿੱਚ ਦਿੱਲੀ ਦੇ ਹਸਪਤਾਲਾਂ ਦਾ ਬੁਰਾ ਹਾਲ ਕਰ ਦਿੱਤਾ ਹੈ, ਅੱਜ ਦਿੱਲੀ ਦੇ ਲੋਕ ਦਵਾਈਆਂ, ਸਟ੍ਰੈਚਰ ਅਤੇ ਦਸਤਾਨਿਆਂ ਲਈ ਵੀ ਤਰਸ ਰਹੇ ਹਨ। ਇਹ ਉਹੀ ਦਿੱਲੀ ਹੈ ਜਿੱਥੇ ਮੁੱਖ ਮੰਤਰੀ ਵਜੋਂ ਅਰਵਿੰਦ ਕੇਜਰੀਵਾਲ ਨੇ ਬੜੀ ਮਿਹਨਤ ਨਾਲ ਇਨ੍ਹਾਂ ਹਸਪਤਾਲਾਂ ਨੂੰ ਸੁਧਾਰਿਆ ਸੀ ਅਤੇ ਇਹ ਯਕੀਨੀ ਬਣਾਇਆ ਸੀ ਕਿ ਆਮ ਆਦਮੀ ਨੂੰ ਬਾਹਰੋਂ ਦਵਾਈਆਂ ਨਾ ਖਰੀਦਣੀਆਂ ਪੈਣ। ਪਰ ਭਾਜਪਾ ਨੇ ਛੇ ਮਹੀਨਿਆਂ ਵਿੱਚ ਸਭ ਕੁਝ ਬਰਬਾਦ ਕਰ ਦਿੱਤਾ ਹੈ।”