ਭਾਜਪਾ ਦਾ ਵੰਦੇ ਮਾਤਰਮ ਨਾਲ ਕੋਈ ਸਬੰਧ ਨਹੀਂ: ਸੰਜੈ ਸਿੰਘ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ‘ਵੰਦੇ ਮਾਤਰਮ’, ਉੱਤਰ ਪ੍ਰਦੇਸ਼ ਵਿੱਚ ਐੱਸ ਆਈ ਆਰ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਦੇ ਮੁੱਦਿਆਂ ’ਤੇ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਕੋਲ ਅੰਗਰੇਜ਼ਾਂ ਲਈ ਮੁਖਬਰ ਹੋਣ ਦੀ ਵਿਰਾਸਤ ਹੈ। ਉਨ੍ਹਾਂ ਦੇ ਪੁਰਖਿਆਂ ਨੇ ਇਨਕਲਾਬੀਆਂ ਵਿਰੁੱਧ ਅੰਗਰੇਜ਼ਾਂ ਲਈ ਮੁਖ਼ਬਰ ਵਜੋਂ ਕੰਮ ਕੀਤਾ। ਉਨ੍ਹਾਂ ਦੇ ਪੁਰਖਿਆਂ ਨੇ 52 ਸਾਲਾਂ ਤੱਕ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ ਐੱਸ ਐੱਸ) ਦੇ ਮੁੱਖ ਦਫਤਰ ’ਤੇ ਤਿਰੰਗਾ ਝੰਡਾ ਨਹੀਂ ਲਹਿਰਾਇਆ। ਉਨ੍ਹਾਂ ਨੇ ਲਾਹੌਰ ਸੰਮੇਲਨ ਵਿੱਚ ਤਿਰੰਗੇ ਵਿਰੁੱਧ ਮਤਾ ਪਾਸ ਕੀਤਾ ਅਤੇ ਭਾਰਤੀ ਕੌਮੀ ਝੰਡੇ ਨੂੰ ਅਸ਼ੁੱਭ ਕਿਹਾ। ਭਾਜਪਾ ਦਾ ਵੰਦੇ ਮਾਤਰਮ ਨਾਲ ਕੋਈ ਸਬੰਧ ਨਹੀਂ ਹੈ। ਇਹ ਲੋਕ ਸਿਰਫ਼ ਵੰਦੇ ਮਾਤਰਮ ਦੇ ਪਿੱਛੇ ਆਪਣੇ ਅਪਰਾਧਾਂ ਨੂੰ ਛੁਪਾਉਣਾ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਇਤਿਹਾਸ ਵਿਸ਼ਵਾਸਘਾਤ ਅਤੇ ਧੋਖੇ ਦਾ ਹੈ। ਉਨ੍ਹਾਂ ਨੇ ਹਮੇਸ਼ਾ ਦੇਸ਼ ਨੂੰ ਧੋਖਾ ਦੇਣ ਅਤੇ ਵੰਡਣ ਦਾ ਕੰਮ ਕੀਤਾ ਹੈ।
ਇੰਡੀਗੋ ਏਅਰਲਾਈਨਜ਼ ਸੰਕਟ ਬਾਰੇ ਬੋਲਦਿਆਂ ਸੰਜੈ ਸਿੰਘ ਨੇ ਕਿਹਾ ਕਿ ਜਦੋਂ ਭਾਜਪਾ ਨੂੰ 31 ਕਰੋੜ ਦਾ ਦਾਨ ਦਿੱਤਾ ਜਾਂਦਾ ਹੈ ਤਾਂ ਉਹ ਮਨਮਾਨੇ ਢੰਗ ਨਾਲ ਕੰਮ ਕਰਨਗੇ। ਭਾਜਪਾ ਨੇ ਇੰਡੀਗੋ ਤੋਂ ਦਾਨ ਵਿੱਚ ਗਬਨ ਕੀਤਾ ਤੇ ਹੁਣ ਇਸਦਾ ਪੂਰਾ ਰਿਕਾਰਡ ਸਾਹਮਣੇ ਆ ਗਿਆ ਹੈ। ਸੱਤਾ ਵਿੱਚ ਬੈਠੇ ਲੋਕਾਂ ਨੇ ਚੋਰੀ ਅਤੇ ਬੇਈਮਾਨੀ ਕੀਤੀ ਹੈ। ਉਹ ਵੱਡੇ ਪੂੰਜੀਪਤੀਆਂ ਦੇ ਪੈਸੇ ਨਾਲ ਆਪਣੀ ਪਾਰਟੀ ਚਲਾ ਰਹੇ ਹਨ। ਇਸ ਲਈ ਇੰਡੀਗੋ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਹ ਸਭ ਇੱਕ ਸਾਜ਼ਿਸ਼ ਹੈ। ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀ ਵਿੱਚੋਂ ਨਾਮ ਕੱਟੇ ਜਾਣ ਬਾਰੇ ਉਨ੍ਹਾਂ ਕਿਹਾ, ‘‘ਮੈਂ ਵੀ 2 ਕਰੋੜ ਵੋਟਾਂ ਕੱਟੇ ਜਾਣ ਦਾ ਡਰ ਪ੍ਰਗਟ ਕੀਤਾ ਸੀ, ਪਰ ਮੋਦੀ ਜੀ ਨੇ ਮੈਨੂੰ ਝਿੜਕਿਆ ਅਤੇ ਕਿਹਾ, ‘ਤੁਸੀਂ ਇੰਨਾ ਘੱਟ ਅੰਕੜਾ ਕਿਵੇਂ ਦੇ ਸਕਦੇ ਹੋ ਜਦੋਂ ਅਸੀਂ ਇੱਥੇ ਹਾਂ?’’ ਉਨ੍ਹਾਂ ਕਿਹਾ, ‘‘ਅੱਜ ਮੀਡੀਆ ਵਿੱਚ ਖ਼ਬਰਾਂ ਆਈਆਂ ਹਨ ਕਿ ਉੱਤਰ ਪ੍ਰਦੇਸ਼ ਵਿੱਚ ਤਿੰਨ ਕਰੋੜ ਵੋਟਾਂ ਕੱਟੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਦਿੱਲੀ ਵਿੱਚ ਜਿਸ ਤਰ੍ਹਾਂ ਬੁਲਡੋਜ਼ਰ ਵਰਤੇ ਜਾ ਰਹੇ ਹਨ, ਉਸ ’ਤੇ ਵੀ ਚਰਚਾ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ 140 ਸਾਲ ਪੁਰਾਣੇ ਮੰਦਰ ਨੂੰ ਬੁਲਡੋਜ਼ਰ ਨਾਲ ਢਾਹਿਆ ਗਿਆ ਤੇ ਗਰੀਬਾਂ ਦੇ ਘਰਾਂ ਉਪਰ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹੁਣ ਅਪਰਾਧ ਦੀ ਰਾਜਧਾਨੀ ਬਣ ਗਈ ਹੈ। -ਪੀਟੀਆਈ
