ਗੋਆ ਹਾਦਸੇ ਲਈ ਭਾਜਪਾ ਸਰਕਾਰ ਜ਼ਿੰਮੇਵਾਰ: ‘ਆਪ’
ਆਮ ਆਦਮੀ ਪਾਰਟੀ (ਆਪ) ਨੇ ਗੋਆ ਦੇ ਅਰਪੋਰਾ ਵਿੱਚ ਨਾਈਟ ਕਲੱਬ ਵਿੱਚ ਲੰਘੀ ਦੇਰ ਰਾਤ ਲੱਗੀ ਅੱਗ ਕਾਰਨ ਹੋਈਆਂ ਮੌਤਾਂ ਅਤੇ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ’ਤੇ ਦੁੱਖ ਪ੍ਰਗਟ ਕੀਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਗੋਆ ਦੀ ਇੰਚਾਰਜ ਆਤਿਸ਼ੀ ਅਤੇ ਸੂਬਾ ਪ੍ਰਧਾਨ ਅਮਿਤ ਪਾਲੇਕਰ ਸਮੇਤ ਹੋਰ ਸੀਨੀਅਰ ਆਗੂਆਂ ਨੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ‘ਆਪ’ ਨੇ ਨਾਈਟ ਕਲੱਬ ਵਿੱਚ ਵਾਪਰੀ ਦੁਖਦਾਈ ਘਟਨਾ ਲਈ ਭਾਜਪਾ ਦੀ ਅਗਵਾਈ ਵਾਲੀ ਗੋਆ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੈਤਿਕ ਜ਼ਿੰਮੇਵਾਰੀ ਲੈਣ ਅਤੇ ਤੁਰੰਤ ਅਸਤੀਫਾ ਦੇਣ। ਕੇਜਰੀਵਾਲ ਨੇ ਐਕਸ ’ਤੇ ਕਿਹਾ, ‘‘ਗੋਆ ਦੇ ਅਰਪੋਰਾ ਵਿੱਚ ਲੱਗੀ ਭਿਆਨਕ ਅੱਗ ਤੋਂ ਮੈਂ ਬਹੁਤ ਦੁਖੀ ਹਾਂ, ਜਿਸ ਨੇ ਕਈ ਕੀਮਤੀ ਜਾਨਾਂ ਲਈਆਂ। ਦੁਖੀ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ। ਮੈਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ। ਪ੍ਰਮਾਤਮਾ, ਪੀੜਤਾਂ ਨੂੰ ਇਸ ਔਖੇ ਸਮੇਂ ਹਿੰਮਤ ਬਖਸ਼ੇ।’’ ਗੋਆ ਦੀ ਇੰਚਾਰਜ ਆਤਿਸ਼ੀ ਨੇ ਐਕਸ ’ਤੇ ਕਿਹਾ, ‘ਗੋਆ ਦੇ ਅਰਪੋਰਾ ਵਿੱਚ ਇੱਕ ਨਾਈਟ ਕਲੱਬ ਵਿੱਚ ਅੱਗ ਕਾਰਨ 23 ਮੌਤਾਂ ਬਾਰੇ ਜਾਣ ਕੇ ਮੈਂ ਹੈਰਾਨ ਤੇ ਦੁਖੀ ਹਾਂ। ਘਟਨਾ ਵਿੱਚ ਆਪਣੇ ਅਜ਼ੀਜਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ। ਗੋਆ ਸਰਕਾਰ ਨੂੰ ਇਨ੍ਹਾਂ ਗਲਤੀਆਂ ਦੀ ਤੁਰੰਤ ਜਾਂਚ ਕਰਨੀ ਚਾਹੀਦੀ ਹੈ, ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ ਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।’’ ਆਪ’ ਨੇ ਦੱਸਿਆ ਕਿ ਗੋਆ ਦੇ ਸੂਬਾ ਪ੍ਰਧਾਨ ਅਮਿਤ ਪਾਲੇਕਰ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਅੱਗ ਵਿੱਚ ਜ਼ਖਮੀ ਹੋਏ ਪੀੜਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਹੈ।
