ਭਾਜਪਾ ਨੂੰ ਰਾਜਧਾਨੀ ’ਚ ਸਥਾਈ ਦਫ਼ਤਰ ਮਿਲਿਆ
1975 ਦੇ ਸ਼ੁਰੂ ਵਿੱਚ ਮਾਸਟਰ ਯੋਗੇਂਦਰ ਦੀ ਨਿਗਰਾਨੀ ਹੇਠ ਜਨ ਸੰਘ ਦਾ ਦਫਤਰ ਅਜਮੇਰੀ ਗੇਟ ਚੌਕ ਵਿੱਚ ਕਿਰਾਏ ਦੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਚਲੇ ਗਿਆ। ਸਦਰ ਬਾਜ਼ਾਰ ਅਤੇ ਕ੍ਰਿਸ਼ਨਾ ਨਗਰ ਵਿੱਚ ਕਿਰਾਏ ਦੀਆਂ ਇਮਾਰਤਾਂ ਵਿੱਚ ਜਨ ਸੰਘ ਜ਼ਿਲ੍ਹਾ ਦਫ਼ਤਰ ਵੀ ਖੋਲ੍ਹੇ ਗਏ। 1975 ਵਿੱਚ ਐਮਰਜੈਂਸੀ ਲਗਾਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਜਨ ਸੰਘ ਦੇ ਸਾਰੇ ਦਫ਼ਤਰ ਸੀਲ ਕਰ ਦਿੱਤੇ। 1977 ਵਿੱਚ ਜਨਤਾ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਦਫ਼ਤਰ ਖੁੱਲ੍ਹ ਗਏ ਪਰ ਜਨ ਸੰਘ ਦੀਆਂ ਸਰਗਰਮੀਆਂ ਰੋਕ ਦਿੱਤੀਆਂ ਗਈਆਂ। 6 ਅਪਰੈਲ, 1980 ਨੂੰ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ। ਇਸੇ ਦੌਰਾਨ ਕਾਂਗਰਸ (ਓ) ਨੇਤਾ ਸਿਕੰਦਰ ਬਖ਼ਤ ਦੇ ਨਾਲ ਹੋਰ ਬਹੁਤੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ। ਇੰਝ ਅਜਮੇਰੀ ਗੇਟ ਚੌਕ ਵਿੱਚ ਕਾਂਗਰਸ (ਓ) ਦਫ਼ਤਰ ਦਿੱਲੀ ਭਾਜਪਾ ਦਾ ਸੂਬਾ ਦਫ਼ਤਰ ਬਣ ਗਿਆ ਜੋ 1989 ਤੱਕ ਉੱਥੋਂ ਕੰਮ ਕਰਦਾ ਰਿਹਾ। 1989 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਦਿੱਲੀ ਭਾਜਪਾ ਦਫ਼ਤਰ 20 ਰਕਾਬਗੰਜ ਰੋਡ ਤੋਂ ਕੰਮ ਕਰਦਾ ਸੀ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਮਦਨ ਲਾਲ ਖੁਰਾਣਾ ਸਦਰ ਬਾਜ਼ਾਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਤੇ 1990 ਵਿੱਚ ਉਨ੍ਹਾਂ ਨੂੰ 14 ਪੰਤ ਮਾਰਗ ਵਾਲਾ ਬੰਗਲਾ ਅਲਾਟ ਕੀਤਾ ਗਿਆ ਸੀ। ਸ੍ਰੀ ਖੁਰਾਣਾ ਕੀਰਤੀ ਨਗਰ ਵਿੱਚ ਆਪਣੀ ਨਿੱਜੀ ਰਿਹਾਇਸ਼ ’ਤੇ ਰਹਿੰਦੇ ਰਹੇ, ਜਦੋਂਕਿ 14 ਪੰਤ ਮਾਰਗ ਭਾਜਪਾ ਦਾ ਦਿੱਲੀ ਰਾਜ ਦਫ਼ਤਰ ਬਣ ਗਿਆ। ਸ੍ਰੀ ਖੁਰਾਣਾ 1993 ਵਿੱਚ ਦਿੱਲੀ ਦੇ ਮੁੱਖ ਮੰਤਰੀ ਬਣੇ ਤਾਂ ਇਹ ਬੰਗਲਾ ਉਸ ਸਮੇਂ ਦੇ ਰਾਜ ਸਭਾ ਮੈਂਬਰ ਪ੍ਰੋ. ਓਮ ਪ੍ਰਕਾਸ਼ ਕੋਹਲੀ ਨੂੰ ਅਲਾਟ ਕੀਤਾ ਗਿਆ ਸੀ ਅਤੇ ਪਿਛਲੇ 35 ਸਾਲਾਂ ਤੋਂ ਦਿੱਲੀ ਭਾਜਪਾ ਦਫ਼ਤਰ 14 ਪੰਤ ਮਾਰਗ ਤੋਂ ਕੰਮ ਕਰ ਰਿਹਾ ਹੈ।
ਨਵਾਂ ਦਫ਼ਤਰ ਸੰਗਠਨ ਵਿੱਚ ਨਵੀਂ ਊਰਜਾ ਭਰੇਗਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਆਗੂਆਂ ਦੇ ਪਿਛਲੇ ਸਮੇਂ ਦੇ ਸੰਘਰਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਕੀਤੀ ਕਿ ਨਵਾਂ ਅਹਾਤਾ ਸੰਗਠਨ ਵਿੱਚ ਨਵੀਂ ਊਰਜਾ ਭਰੇਗਾ। ਸੋਸ਼ਲ ਮੀਡੀਆ ਐਕਸ ’ਤੇ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਵਰਕਰਾਂ ਦਾ ਇਤਿਹਾਸ ਸੰਘਰਸ਼ ਅਤੇ ਸਮਰਪਣ ਦੀ ਇੱਕ ਵਿਲੱਖਣ ਉਦਾਹਰਣ ਰਿਹਾ ਹੈ। ਹਰ ਚੁਣੌਤੀ ਦੇ ਵਿਚਕਾਰ, ਉਨ੍ਹਾਂ ਨੇ ਨਾ ਸਿਰਫ ਸੰਗਠਨ ਨੂੰ ਜ਼ਿੰਦਾ ਰੱਖਿਆ ਬਲਕਿ ਇਸ ਨੂੰ ਮਜ਼ਬੂਤ ਕਰਨ ਵਿੱਚ ਵੀ ਅਸਾਧਾਰਨ ਯੋਗਦਾਨ ਪਾਇਆ ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਲਈ ਬਣਾਇਆ ਗਿਆ ਸਥਾਈ ਸੂਬਾ ਦਫ਼ਤਰ ਸੰਗਠਨ ਨੂੰ ਨਵੀਂ ਤਾਕਤ, ਨਵੀਂ ਦਿਸ਼ਾ ਅਤੇ ਨਵੇਂ ਆਤਮਵਿਸ਼ਵਾਸ ਨਾਲ ਭਰ ਦੇਵੇਗਾ।