‘ਤਿਰੰਗਾ ਕਨਸਰਟ-2025’ ਮੌਕੇ ਭੰਗੜੇ ਨੇ ਬੰਨ੍ਹਿਆ ਰੰਗ
ਮਨਿਸਟਰੀ ਆਫ਼ ਕਲਚਰ ਭਾਰਤ ਸਰਕਾਰ ਦੇ ਅਦਾਰੇ ਸੈਂਟਰ ਫਾਰ ਕਲਚਰਲ ਰਿਸੋਰਸਿਜ਼ ਐਂਡ ਟਰੇਨਿੰਗ (ਸੀਸੀਆਰਟੀ) ਵਲੋਂ ਆਜ਼ਾਦੀ ਦਿਵਸ ਮੌਕੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ‘ਤਿਰੰਗਾ ਕਨਸਰਟ-2025’ ਕਰਵਾਇਆ ਗਿਆ। ਦਿੱਲੀ ਦੇ ਦੁਆਰਕਾ ਵਿੱਚ ਸੀਸੀਆਰਟੀ ਦੇ ਹੈਡਕੁਆਰਟਰ ਵਿੱਚ ਕਰਵਾਏ ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਤਕਰੀਬਨ 2500 ਵਿਦਿਆਰਥੀਆਂ ਨੇ ਭਾਗ ਲਿਆ। ਸੀਸੀਆਰਟੀ ਦੇ ਚੇਅਰਮੈਨ ਵਿਨੋਦ ਨਰਾਇਣ ਇੰਦੌਰਕਰ ਵਲੋਂ ਪ੍ਰੋਗਰਾਮ ਦਾ ਉਦਘਾਟਨ ਕਰਨ ਮਗਰੋਂ ਵਿਦਿਆਰਥੀਆਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਅਦਾਰੇ ਦੇ ਗ੍ਰਾਊਂਡ ਵਿੱਚ ਫਲੈਗ ਮਾਰਚ ਕੀਤਾ। ਇਸ ਮੌਕੋ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਤ ਸਕਿੱਟਾਂ ਅਤੇ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪੰਜਾਬ ਦਾ ਲੋਕ ਨਾਚ ਭੰਗੜਾ ਰਿਹਾ ਜਿਸ ਦੀ ਪੇਸ਼ਕਾਰੀ ਲਈ ਲੋਕ ਨਾਚਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਰਜਿੰਦਰ ਟਾਂਕ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ। ਰਜਿੰਦਰ ਟਾਂਕ ਅਤੇ ਢੋਲੀ ਅਮਿਤ ਦੀ ਪੇਸ਼ਕਾਰੀ ਨੇ ਸੀਸੀਆਰਟੀ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਭੰਗੜਾ ਪਾਉਣ ’ਤੇ ਮਜ਼ਬੂਰ ਕਰ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿੱਚ ਸੀਸੀਆਰਟੀ ਦੇ ਡਾਇਰੈਕਟਰ ਰਾਜੀਵ ਕੁਮਾਰ ਨੇ ਡਿਪਟੀ ਡਾਇਰੈਕਟਰ ਸੰਦੀਪ ਸ਼ਰਮਾ, ਡਿਪਟੀ ਡਾਇਰੈਕਟਰ ਰਾਹੁਲ ਕੁਮਾਰ, ਅਸਿਸਟੈਂਟ ਡਾਇਰੈਕਟਰ ਦਿਵਾਕਰ, ਸਮੂਹ ਸਟਾਫ਼, ਵਿਦਿਆਰਥੀਆਂ, ਰਜਿੰਦਰ ਟਾਂਕ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।