ਭਾਈ ਵੀਰ ਸਿੰਘ ਦਾ ਜਨਮ ਦਿਵਸ ਮਨਾਇਆ
ਸਦਨ ਵਿੱਚ ਭਾਈ ਵੀਰ ਸਿੰਘ ਦਾ 153ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ’ਚ ਐੱਮ ਏ ਅਰਥ ਸ਼ਾਸਤਰ ’ਚ ਅੱਵਲ ਰਹੀ ਤਰਨਜੋਤ ਕੌਰ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਕਾਇਮ ‘ਡਾ. ਮਨਮੋਹਨ ਸਿੰਘ ਮੈਮੋਰੀਅਲ ਗੋਲਡ ਮੈਡਲ’ ਨਾਲ ਨਿਵਾਜਿਆ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਆਪਣੇ ਸਮੇਂ ਦੀ ਅਜਿਹੀ ਮਹਾਨ ਸ਼ਖ਼ਸੀਅਤ ਕਰਾਰ ਦਿੱਤਾ ਜਿਨ੍ਹਾਂ ਪੰਜਾਬੀ ਭਾਸ਼ਾ, ਗੁਰਬਾਣੀ ਦਾ ਪ੍ਰਚਾਰ ਅਤੇ ਵਿੱਦਿਆ ਦੇ ਪਸਾਰ ਕਰਨ ਦੇ ਨਾਲ-ਨਾਲ ਅਨੇਕਾਂ ਲੋਕ ਹਿਤਕਾਰੀ ਕਾਰਜ ਵੀ ਕੀਤੇ। ਕਰਮਜੀਤ ਸਿੰਘ ਨੇ ਕਿਹਾ, ‘‘ਅੱਜ ਲੋੜ ਹੈ ਕਿ ਅਸੀਂ ਉਨ੍ਹਾਂ ਵੱਲੋਂ ਰਚੇ ਸਾਹਿਤ ਖਾਸਕਰ ਔਰਤ ਸ਼ਕਤੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਦੇ ਨਾਵਲ ਤੇ ਹੋਰ ਲਿਖਤਾਂ ਨੂੰ ਪੜ੍ਹੀਏ ਤੇ ਆਪਣੀ ਭਾਸ਼ਾ ਤੇ ਵਿਰਸੇ ਨਾਲ ਜੁੜੀਏ ਜਿਸ ਦੀ ਖਾਤਰ ਭਾਈ ਸਾਹਿਬ ਨੇ ਆਪਣਾ ਸੰਪੂਰਨ ਜੀਵਨ ਲਾਇਆ।’’ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਭਾਈ ਵੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਬਿਬੇਕ ਬੁੱਧ ਦੀ ਗੱਲ ਕੀਤੀ ਜਿਸ ਦੀ ਅਸੀਂ ਰੋਜ਼ ਅਰਦਾਸ ਵਿੱਚ ਮੰਗ ਕਰਦੇ ਹਾਂ। ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਰੰਭ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਵਿਦਿਆਰਥੀਆਂ ਨੇ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਨਾਲ ਕੀਤਾ। ਬੜੂ ਸਾਹਿਬ ਦੀਆਂ ਵਿਦਿਆਰਥਣਾਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਸਦਨ ਦੇ ਡਾਇਰੈਕਟਰ-ਜਨਰਲ ਡਾ. ਮਹਿੰਦਰ ਸਿੰਘ ਨੇ ਸਦਨ ਦੀ ਸਰਗਰਮੀਆਂ ਤੇ ਨਵੇਂ ਉਪਰਾਲਿਆਂ ਦਾ ਜ਼ਿਕਰ ਕੀਤਾ। ਇਸ ਮੌਕੇ ਬੀਬੀ ਗੁਰਸ਼ਰਨ ਕੌਰ ਨੇ ਖਾਲਸਾ ਸਮਾਚਾਰ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਤੇ ਇਸ ਦੀ ਪਹਿਲੀ ਕਾਪੀ ਭਾਈ ਵੀਰ ਸਿੰਘ ਦੀ ਨੱਕੜ-ਦੋਹਤਰੀ ਡਾ. ਪੁਨੀਤਾ ਸਿੰਘ ਨੂੰ ਭੇਟ ਕੀਤੀ ਗਈ। ਪ੍ਰੋ. ਕਰਮਜੀਤ ਸਿੰਘ ਨੇ ਸਦਨ ਦੀਆਂ ਪ੍ਰਕਾਸ਼ਨਾਵਾਂ ਰਿਲੀਜ਼ ਕੀਤੀਆਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਐੱਮ ਏ ’ਚੋਂ ਅੱਵਲ ਰਹੇ ਕ੍ਰਮਵਾਰ ਸੁਖਮਨਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਨੂੰ ਸਨਮਾਨਿਤ ਕੀਤਾ। ਸਦਨ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
