ਬਾਟਲਾ ਹਾਊਸ ਪੁਲੀਸ ਮੁਕਾਬਲੇ ਦੀ ਜਾਂਚ ਮੰਗੀ
‘ਆਇਸਾ’ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਇੱਕ ਸ਼ਾਂਤੀਪੂਰਨ ਮਾਰਚ ਕੀਤਾ, ਜਿਸ ਵਿੱਚ ਦਿੱਲੀ ਪੁਲੀਸ ਨੇ ਆਤਿਫ ਅਤੇ ਸਾਜਿਦ (ਇੱਕ ਕਾਨੂੰਨੀ ਨਾਬਾਲਗ) ਨੂੰ ਉਨ੍ਹਾਂ ਦੇ ਕਿਰਾਏ ਦੇ ਮਕਾਨ ਵਿੱਚ ਪੁਲੀਸ ਮੁਕਾਬਲੇ ਦੌਰਾਨ ਕਥਿਤ ਤੌਰ ’ਤੇ ਮਾਰ ਦਿੱਤਾ ਸੀ। ਇਸ ਮੁਕਾਬਲੇ ਨੂੰ 17 ਸਾਲ ਹੋ ਗਏ ਹਨ।
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਹਰ ਸਾਲ ਜਾਮੀਆ ਨਗਰ ਦੀ ਖਲੀਲਉੱਲ੍ਹਾ ਮਸਜਿਦ ਦੇ ਨੇੜੇ ਹੋਏ ਐਨਕਾਊਂਟਰ ਦੀ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਨੂੰ ਦੁਹਰਾਉਂਦੇ ਹੋਏ ਇੱਕ ਮਾਰਚ ਕੱਢਦੀ ਆ ਰਹੀ ਹੈ। ਆਇਸਾ ਕਾਰਕੁਨਾਂ ਵੱਲੋਂ ਕੱਢਿਆ ਗਿਆ ਮਾਰਚ ਯੂਨੀਵਰਸਿਟੀ ਦੀ ਕੰਟੀਨ ਨੇੜਿਓਂ ਸ਼ੁਰੂ ਹੋਇਆ ਜਿੱਥੇ ਇੱਕ ਇਕੱਠ ਕੀਤਾ ਗਿਆ, ਜਿਸ ਤੋਂ ਬਾਅਦ ਗੇਟ ਵੱਲ ਇੱਕ ਸ਼ਾਂਤੀਪੂਰਨ ਮਾਰਚ ਕੀਤਾ ਗਿਆ। ਆਇਸਾ ਮੁਤਾਬਕ ਪੁਲੀਸ ਬੈਰੀਕੇਡਿੰਗ ਦੇ ਬਾਵਜੂਦ ਜਾਮੀਆ ਪ੍ਰਸ਼ਾਸਨ ਨੇ ਭੰਬਲਭੂਸਾ ਪੈਦਾ ਕਰਨ ਲਈ ਗੇਟ ਨੰਬਰ 7 ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਕਾਰਕੁਨ ਸੌਰਭ ਨੇ ਦੱਸਿਆ ਕਿ ਜਿਵੇਂ ਹੀ ਉਹ ਕੈਂਪਸ ਦੇ ਬਾਹਰ ਪੁਲੀਸ ਬੈਰੀਕੇਡਿੰਗ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਵਿਦਿਆਰਥੀ ਕੈਂਪਸ ਦੇ ਅੰਦਰ ਪਿੱਛੇ ਹਟ ਗਏ ਪਰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਕੁਝ ਵਿਦਿਆਰਥੀਆਂ ਨੂੰ ਘਸੀਟ ਕੇ ਕੈਂਪਸ ਦੇ ਬਾਹਰ ਸੁੱਟ ਦਿੱਤਾ ਤਾਂ ਜੋ ਦਿੱਲੀ ਪੁਲੀਸ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਸਕੇ। ਵਿਦਿਆਰਥੀਆਂ ਨੇ ਸਬੰਧਿਤ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।