ਬਟਾਲਾ ਗ੍ਰਨੇਡ ਹਮਲਾ ਕੇਸ: ਦਿੱਲੀ ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਕਾਬੂ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਬਟਾਲਾ ਦੇ ਕਿਲਾ ਲਾਲ ਸਿੰਘ ਪੁਲੀਸ ਥਾਣੇ ’ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਪੰਜਾਬ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨਬੀਰ (22) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ, ਜੋ ਕਥਿਤ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦਾ ਮੁੱਖ ਸੰਚਾਲਕ ਹੈ।
ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ, ‘‘ਉਸ ’ਤੇ ਅਪਰੈਲ 2025 ਦੇ ਹਮਲੇ ਵਿੱਚ ਭੂਮਿਕਾ ਨਿਭਾਉਣ ਦਾ ਸ਼ੱਕ ਹੈ ਅਤੇ ਉਹ ਇਸ ਸਮੇਂ ਹਥਿਆਰਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਸੀ।’’
ਇੱਕ ਹਫ਼ਤਾ ਪਹਿਲਾਂ ਹੀ ਇੱਕ ਹੋਰ ਮਸ਼ਕੂਕ ਆਕਾਸ਼ਦੀਪ ਸਿੰਘ ਉਰਫ਼ ਬਾਜ਼ (22) ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਹ ਵੀ ਬੀਕੇਆਈ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਘਟਨਾ ਵਿੱਚ ਸ਼ਾਮਲ ਹੈ। ਗ੍ਰਨੇਡ ਹਮਲਾ ਅਪਰੈਲ 2025 ਵਿੱਚ ਹੋਇਆ ਸੀ, ਜਦੋਂ ਅਣਪਛਾਤੇ ਵਿਅਕਤੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਕਿਲਾ ਲਾਲ ਸਿੰਘ ਪੁਲੀਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ।
ਘਟਨਾ ਤੋਂ ਥੋੜ੍ਹੀ ਦੇਰ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿਚ ਕਥਿਤ ਬੀਕੇਆਈ ਕਾਰਕੁਨ ਹੈਪੀ ਪਾਸੀਆ, ਮੰਨੂ ਅਗਵਾਨ ਅਤੇ ਗੋਪੀ ਨਵਾਂਸ਼ਹਿਰੀਆ ਨੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ। ਦਿੱਲੀ ਪੁਲੀਸ ਦੀ ਅਤਿਵਾਦ ਵਿਰੋਧੀ ਇਕਾਈ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਹਮਲੇ ਨਾਲ ਜੁੜੇ ਸ਼ੱਕੀ ਵਿਅਕਤੀਆਂ ’ਤੇ ਨਿਗਰਾਨੀ ਬਣਾਈ ਰੱਖੀ। ਸੂਤਰਾਂ ਅਨੁਸਾਰ ਪੰਜਾਬ ਵਿੱਚ ਕਰਨਬੀਰ ਦੀ ਮੌਜੂਦਗੀ ਬਾਰੇ ਗੁਪਤ ਜਾਣਕਾਰੀ ਇਕੱਠੀ ਕੀਤੀ ਗਈ ਸੀ ਜਿਸ ਨਾਲ ਪੁਲੀਸ ਨੂੰ ਉਸ ਦੀ ਪੈੜ ਨੱਪਣ ਵਿੱਚ ਮਦਦ ਮਿਲੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਕਿਹਾ, ‘‘ਹੋਰ ਵੇਰਵੇ ਜਲਦੀ ਸਾਂਝੇ ਕੀਤੇ ਜਾਣਗੇ।’’