ਪੁਸਤਕ ਰਿਲੀਜ਼ ਕਰਦੇ ਹੋਏ ਬਲਬੀਰ ਮਾਧੋਪੁਰੀ ਤੇ ਹੋਰ।
ਮਾਤਾ ਸੁੰਦਰੀ ਕਾਲਜ ਫਾਰ ਵਿਮੈੱਨ ਵਿੱਚ ਦਿੱਲੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਜਨਰਲ ਇਲੈਕਟਿਵ ਪੇਪਰ ਭਾਰਤੀ ਇਤਿਹਾਸ ਵਿੱਚ ‘ਸਿੱਖ ਸ਼ਹਾਦਤ 1500 ਤੋਂ 1765’ ਵਿਸ਼ੇ ’ਤੇ ਦੋ-ਰੋਜ਼ਾ ਓਰੀਐਂਟੇਸ਼ਨ ਵਰਕਸ਼ਾਪ ਸੈਂਟਰ ਫਾਰ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਸਟੱਡੀਜ਼ (ਸੀ ਆਈ ਪੀ ਐੱਸ) ਦਿੱਲੀ ਯੂਨੀਵਰਸਿਟੀ ਦੇ ਉੱਦਮ ਨਾਲ ਕੀਤੀ ਗਈ। ਵਰਕਸ਼ਾਪ ਦਾ ਮਨੋਰਥ ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਜੀ ਈ ਕੋਰਸਅਧਿਆਪਨ ਦੇ ਵਿਸ਼ੇ ਪੱਖੋਂ ਸ਼ੁਰੂ ਕਰਨ ਨਾਲ ਸਬੰਧਤ ਹੈ ਤਾਂ ਕਿ ਭਵਿੱਖ ਵਿੱਚ ਵਿਦਿਆਰਥੀ ਭਾਰਤ ਦੇ ਇਤਿਹਾਸ ਨੂੰ ਸਿੱਖ ਸ਼ਹਾਦਤ ਦੇ ਪਰਿਪੇਖ ਵਿੱਚ ਸਮਝ ਸਕਣ। ਵਰਕਸ਼ਾਪ ਛੇ ਹਿੱਸਿਆਂ ਵਿੱਚ ਵੰਡੀ ਗਈ, ਜਿਸ ਦੇ ਉਦਘਾਟਨੀ ਸੈਸ਼ਨ ਦਾ ਆਗਾਜ਼ ਸੀ ਆਈ ਪੀ ਐੱਸ ਡਾਇਰੈਕਟਰ ਪ੍ਰੋ. ਰਵਿੰਦਰ ਕੁਮਾਰ ਦੇ ਸਵਾਗਤੀ ਸ਼ਬਦਾਂ ਦੇ ਨਾਲ ਹੋਇਆ। ਪ੍ਰੋ. ਜਗਬੀਰ ਸਿੰਘ (ਚਾਂਸਲਰ, ਸੈਂਟਰ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ) ਨੇ ਭਾਰਤੀ ਇਤਿਹਾਸ ਵਿੱਚ ਸਿੱਖ ਸ਼ਹਾਦਤ ਬਾਰੇ ਕਈ ਅਹਿਮ ਨੁਕਤੇ ਉਭਾਰੇ। ਮੁੱਖ ਮਹਿਮਾਨ ਪ੍ਰੋ. ਕੇ ਰਤਨਾਬਲੀ (ਡੀਨ ਅਕੈਡਮਿਕ) ਤੇ ਪ੍ਰੋ. ਰਵੀ ਤੇਕਚਨਦਾਨੀ (ਚੇਅਰਮੈਨ, (ਸੀ ਆਈ ਪੀ ਐੱਸ) ਨੇ ਕੋਰਸ ਦੇ ਅਹਿਮ ਪਹਿਲੂਆਂ ਬਾਰੇ ਚਰਚਾ ਕੀਤੀ। ਮਾਤਾ ਸੁੰਦਰੀ ਕਾਲਜ ਦੀ ਪ੍ਰਿੰਸੀਪਲ ਪ੍ਰੋ ਹਰਪ੍ਰੀਤ ਕੌਰ ਨੇ ਵਰਕਸ਼ਾਪ ਕਰਾਉਣ ਦਾ ਮੌਕਾ ਦੇਣ ਲਈ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ। ਵਰਕਸ਼ਾਪ ਦੇ ਅਗਲੇ ਪੰਜ ਤਕਨੀਕੀ ਸੈਸ਼ਨ ਜੋ ਕਿ ਬਹੁ-ਭਾਸ਼ਾਈ ਸਿੱਖਿਆ ਸ਼ਾਸਤਰ ਦਾ ਸਮਰਥਨ ਕਰਨ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕਰਵਾਏ ਗਏ। ਵਰਕਸ਼ਾਪ ਦੇ ਹਰ ਹਿੱਸੇ ਵਿੱਚ ਸਿੱਖ ਸਟੱਡੀਜ਼ ਦੇ ਖੇਤਰ ਵਿੱਚ ਉੱਘੇ ਵਿਦਵਾਨਾਂ ਨੇ ਜੀ ਈ ਪੇਪਰ ਦੇ ਸਿਲੇਬਸ ਨਾਲ ਸੰਬੰਧਾ ਆਪਣੇ ਖੋਜ ਵਿਚਲੇ ਮੁੱਖ ਬਿੰਦੂਆਂ ਦੀ ਪੇਸ਼ਕਸ਼ ਕੀਤੀ।
