ਅਵਧ ਓਝਾ ਨੇ ਸਿਆਸਤ ਤੋਂ ਸੰਨਿਆਸ ਲਿਆ
ਸਿਵਲ ਸੇਵਾਵਾਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਅਤੇ ਮੋਟੀਵੇਸ਼ਨਲ ਸਪੀਕਰ ਅਵਧ ਓਝਾ ਨੇ ਅੱਜ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਤਕਰੀਬਨ 10 ਮਹੀਨੇ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਇਸ ਸਾਲ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਟਪੜਗੰਜ ਹਲਕੇ ਤੋਂ ਉਮੀਦਵਾਰ ਬਣਾਇਆ ਸੀ।
‘ਐਕਸ’ ਉੱਤੇ ਪੋਸਟ ਸਾਂਝੀ ਕਰਦਿਆਂ ਓਝਾ ਨੇ ਲਿਖਿਆ, ‘‘ਸਤਿਕਾਰਯੋਗ ਅਰਵਿੰਦ ਜੀ, ਮਨੀਸ਼ ਜੀ, ਸੰਜੈ ਜੀ ਅਤੇ ‘ਆਪ’ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਜੋ ਪਿਆਰ ਅਤੇ ਸਤਿਕਾਰ ਮੈਨੂੰ ਦਿੱਤਾ, ਮੈਂ ਉਸ ਲਈ ਹਮੇਸ਼ਾ ਰਿਣੀ ਰਹਾਂਗਾ। ਸਿਆਸਤ ਤੋਂ ਸੰਨਿਆਸ ਲੈਣਾ ਮੇਰਾ ਨਿੱਜੀ ਫੈਸਲਾ ਹੈ। ਅਰਵਿੰਦ ਜੀ, ਤੁਸੀਂ ਮਹਾਨ ਨੇਤਾ ਹੋ। ਜੈ ਹਿੰਦ।’’ ਉਨ੍ਹਾਂ ਪਟਪੜਗੰਜ ਦੇ ਵਸਨੀਕਾਂ ਵੱਲੋਂ ਦਿੱਤੇ ਗਏ ਪਿਆਰ ਲਈ ਵੀ ਸ਼ੁਕਰੀਆ ਅਦਾ ਕੀਤਾ। ਜ਼ਿਕਰਯੋਗ ਹੈ ਕਿ ਓਝਾ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਥਾਂ ਚੋਣ ਲੜੀ ਸੀ, ਜੋ 2013, 2015 ਅਤੇ 2020 ਵਿੱਚ ਲਗਾਤਾਰ ਪਟਪੜਗੰਜ ਤੋਂ ਜਿੱਤੇ ਸਨ। ਉਹ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਤੋਂ 28,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਦੂਜੇ ਪਾਸੇ ਮਨੀਸ਼ ਸਿਸੋਦੀਆ ਵੀ ਜੰਗਪੁਰਾ ਹਲਕੇ ਤੋਂ ਚੋਣ ਹਾਰ ਗਏ ਸਨ, ਜਿੱਥੇ ਉਨ੍ਹਾਂ ਨੂੰ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਨੇ 600 ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ ਸੀ। ਓਝਾ ਦੇ ਇਸ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਆਗੂ ਸੋਮਨਾਥ ਭਾਰਤੀ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
