ਵੋਟ ਚੋਰੀ ਮਾਮਲਾ: ਯੂਥ ਕਾਂਗਰਸ ਵੱਲੋਂ ਚੋਣ ਕਮਿਸ਼ਨ ਵਿਰੁੱਧ ਹੱਲਾ ਬੋਲ ਮਾਰਚ
ਭਾਰਤੀ ਯੁਵਾ ਕਾਂਗਰਸ ਨੇ ਅੱਜ ਭਾਜਪਾ ਅਤੇ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਕਥਿਤ ਵੋਟ ਚੋਰੀ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿਰੁੱਧ ਕੌਮੀ ਯੂਥ ਪ੍ਰਧਾਨ ਉਦੈ ਭਾਨੂ ਚਿਬ ਦੀ ਅਗਵਾਈ ਹੇਠ ਹੱਲਾ ਬੋਲ ਮਾਰਚ ਕੱਢਿਆ। ਇੰਡੀਅਨ ਯੂਥ ਕਾਂਗਰਸ ਦੇ ਮੀਡੀਆ ਚੇਅਰਮੈਨ ਵਰੁਣ ਪਾਂਡੇ ਨੇ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ, ਬਹੁਤ ਸਾਰੇ ਯੂਥ ਕਾਂਗਰਸ ਵਰਕਰਾਂ ਨੇ ਯੂਥ ਕਾਂਗਰਸ ਦਫ਼ਤਰ ਤੋਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਕੀਤਾ ਜਿਸ ਤੋਂ ਬਾਅਦ ਦਿੱਲੀ ਪੁਲੀਸ ਨੇ ਜੰਤਰ-ਮੰਤਰ ਰੋਡ ‘ਤੇ ਬੈਰੀਕੇਡਿੰਗ ਕਰਕੇ ਸਾਰੇ ਕਾਰਕੁੰਨਾਂ ਨੂੰ ਰੋਕਿਆ ਅਤੇ ਹਿਰਾਸਤ ਵਿੱਚ ਲੈ ਲਿਆ। ਉਨਾਂ ਨੂੰ ਪੁਲੀਸ ਨੇ ਜਬਰੀ ਰੋਕ ਲਿਆ ਅਤੇ ਡੀਟੀਸੀ ਦੀ ਬੱਸ ਵਿੱਚ ਭਰ ਕੇ ਨੇੜੇ ਦੇ ਥਾਣੇ ਲੈ ਗਏ, ਜਿੱਥੋਂ ਕੁਝ ਘੰਟੇ ਬਾਅਦ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ।
ਇਸ ਮੌਕੇ ‘ਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ‘ਤੇ ਵੱਡਾ ਖੁਲਾਸਾ ਕੀਤਾ ਹੈ, ਚੋਣ ਕਮਿਸ਼ਨ ਹੁਣ ਚੋਰ ਕਮਿਸ਼ਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟ ਚੋਰੀ ‘ਇੱਕ ਵਿਅਕਤੀ, ਇੱਕ ਵੋਟ’ ਦੇ ਮੂਲ ਲੋਕਤੰਤਰੀ ਸਿਧਾਂਤ ‘ਤੇ ਵੱਡਾ ਹਮਲਾ ਹੈ। ਬਿਹਾਰ ਵਿੱਚ ਵਾਪਰ ਰਿਹਾ ਐੱਸਆਈਆਰ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਦੌਰਾਨ ਲੁੱਟ-ਖਸੁੱਟ ਨਿਯਮ ਬਣ ਜਾਂਦਾ ਹੈ ਤਾਂ ਇਸ ਨੂੰ ਚੋਣਾਂ ਨਹੀਂ ਸਗੋਂ ਲੋਕਤੰਤਰ ਦਾ ਕਤਲ ਕਿਹਾ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਤਾਹਨੇ ਮਾਰਦਿਆਂ ਕਿਹਾ, “ਮੋਦੀ ਜੀ ਵੋਟਾਂ ਚੋਰੀ ਕਰਨਾ ਬੰਦ ਕਰੋ, ਇਮਾਨਦਾਰੀ ਨਾਲ ਚੋਣਾਂ ਲੜੋ।” ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਵੋਟ ਬਾਰੇ ਨਹੀਂ ਹੈ, ਸਗੋਂ ਉਸ ਭਰੋਸੇ ਬਾਰੇ ਹੈ ਜਿਸ ‘ਤੇ ਲੋਕਤੰਤਰ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਦੀ ਮੋਦੀ ਸਰਕਾਰ ਦੇਸ਼ ਵਾਸੀਆਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ’ਤੇ ਤੁਲੀ ਹੋਈ ਹੈ ਤਾਂ ਚੁੱਪ ਰਹਿਣਾ ਅਪਰਾਧ ਹੋਵੇਗਾ। ਜਦੋਂ ਲੜਾਈ ਦੇਸ਼ ਦੀ ਹੋਂਦ ਲਈ ਹੈ ਤਾਂ ਸੜਕਾਂ ‘ਤੇ ਉਤਰਨਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਉਂਕਿ ਜੇਕਰ ਵੋਟ ਚੋਰੀ ਹੁੰਦੀ ਰਹੀ ਤਾਂ ਲੋਕਤੰਤਰ ਅਤੇ ਸੰਵਿਧਾਨ ਦੋਵੇਂ ਖ਼ਤਮ ਹੋ ਜਾਣਗੇ।