ਸੌ ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਦੋ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ ਗਾਂਜਾ ਅਤੇ ਕੋਕੀਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ 100 ਕਰੋੜ ਰੁਪਏ ਤੋਂ ਵੱਧ ਹੈ। ਕਸਟਮ ਵਿਭਾਗ ਜਾਂਚ ਕਰ ਰਿਹਾ ਹੈ। 6 ਅਗਸਤ ਨੂੰ ਇੱਕ ਯਾਤਰੀ ਦੋਹਾ ਤੋਂ ਇੰਡੀਗੋ ਦੀ ਉਡਾਣ 6 1346 ਤੋਂ ਉਤਰਿਆ। ਜਦੋਂ ਯਾਤਰੀ ਟਰਮੀਨਲ-3 ‘ਤੇ ਉਤਰਿਆ ਤਾਂ ਉਸ ਦੇ ਕੋਲ ਇੱਕ ਹਰਾ ਹੈਂਡਬੈਗ ਸੀ। ਸ਼ੱਕ ਦੇ ਆਧਾਰ ’ਤੇ ਕਸਟਮ ਅਧਿਕਾਰੀਆਂ ਨੇ ਯਾਤਰੀ ਨੂੰ ਗ੍ਰੀਨ ਚੈਨਲ ’ਤੇ ਰੋਕਿਆ ਅਤੇ ਉਸ ਦੇ ਸਾਮਾਨ ਦੀ ਐਕਸ-ਰੇਅ ਜਾਂਚ ਕੀਤੀ। ਹੈਂਡਬੈਗ ਵਿੱਚ ਰੱਖੇ ਫੈਰੇਰੋ ਰੋਚਰ ਚਾਕਲੇਟਾਂ ਦੇ ਅੱਠ ਸੁਨਹਿਰੀ ਡੱਬਿਆਂ ਵਿੱਚੋਂ 5469.5 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਮਿਲਿਆ। ਸ਼ੁਰੂਆਤੀ ਜਾਂਚ ਟੈਸਟਾਂ ਵਿੱਚ ਇਹ ਪਦਾਰਥ ਕੋਕੀਨ ਹੋਣ ਦਾ ਖੁਲਾਸਾ ਹੋਇਆ। ਕਸਟਮ ਅਧਿਕਾਰੀਆਂ ਵੱਲੋਂ ਜ਼ਬਤ ਕੀਤੇ ਗਏ ਪਦਾਰਥ ਦੀ ਅਨੁਮਾਨਤ ਕੀਮਤ ਲਗਪਗ 82.04 ਕਰੋੜ ਰੁਪਏ ਹੈ।
ਇਸ ਤੋਂ ਪਹਿਲਾਂ 2 ਅਗਸਤ ਨੂੰ ਇੱਕ ਭਾਰਤੀ ਯਾਤਰੀ ਵਿਰੁੱਧ ਕਾਰਵਾਈ ਕੀਤੀ ਗਈ ਜੋ ਏਅਰ ਇੰਡੀਆ ਦੀ ਉਡਾਣ ਨੰਬਰ 2333 ਰਾਹੀਂ ਬੈਂਕਾਕ ਤੋਂ ਟਰਮੀਨਲ-3 ’ਤੇ ਪਹੁੰਚਿਆ ਸੀ। ਯਾਤਰੀ ਨੂੰ ਗ੍ਰੀਨ ਚੈਨਲ ‘ਤੇ ਰੋਕਿਆ ਗਿਆ ਅਤੇ ਉਸ ਦੇ ਸਾਮਾਨ ਦੀ ਐਕਸ-ਰੇਅ ਲਈ ਜਾਂਚ ਕੀਤੀ ਗਈ ਅਤੇ ਨਾਲ ਹੀ ਨਿੱਜੀ ਤਲਾਸ਼ੀ ਵੀ ਲਈ ਗਈ। ਜਾਂਚ ਦੌਰਾਨ ਯਾਤਰੀ ਦੇ ਟਰਾਲੀ ਬੈਗ ਵਿੱਚ 20 ਚਿੱਟੇ ਅਤੇ ਕਾਲੇ ਰੰਗ ਦੇ ਪੋਲੀਥੀਨ ਪਾਊਚਾਂ ਵਿੱਚ ਹਰੇ ਰੰਗ ਦਾ ਨਸ਼ੀਲਾ ਪਦਾਰਥ ਮਿਲਿਆ ਜੋ ਸ਼ੱਕੀ ਤੌਰ ’ਤੇ ਗਾਂਜਾ ਜਾਪਦਾ ਸੀ। ਇਸਦਾ ਭਾਰ ਲਗਪਗ 20 ਕਿਲੋਗ੍ਰਾਮ ਪਾਇਆ ਗਿਆ। ਇਸ ਦੀ ਅਨੁਮਾਨਿਤ ਕੀਮਤ ਲਗਪਗ 19.86 ਕਰੋੜ ਰੁਪਏ ਹੈ।