ਕਾਲਜਾਂ ’ਚ ਰੈਗਿੰਗ ਖ਼ਿਲਾਫ਼ ਬੰਦੋਬਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੜਕੀਆਂ ਦੇ ਕਾਲਜ ਵਿੱਚ ਇੱਕ ਪ੍ਰੋਗਰਾਮ ਤਹਿਤ ਰੈਗਿੰਗ ਖਿਲਾਫ਼ ਪ੍ਰਬੰਧ ਕੀਤੇ ਗਏ ਹਨ। ਮਾਤਾ ਸੁੰਦਰੀ ਕਾਲਜ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਕੀਤਾ ਜਾਂਦਾ ਹੈ। ਕਾਲਜ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਹਨ ਜੋ ਰੈਗਿੰਗ ਉੱਪਰ ਤਿੱਖੀ ਨਜ਼ਰ ਰੱਖਦੀਆਂ ਹਨ। ਇਸ ਪ੍ਰੋਗਰਾਮ ਤਹਿਤ ਕਾਲਜ ਵਿੱਚ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕੀਤੇ ਜਾਂਦੇ ਹਨ। ਗੁਰੂ ਨਾਨਕ ਖ਼ਾਲਸਾ ਕਾਲਜ ਦੇਵਨਗਰ ਦੇ ਚੇਅਰਮੈਨ ਸੁਖਬੀਰ ਸਿੰਘ ਕਾਲੜਾ ਨੇ ਕਿਹਾ ਕਾਲਜ ਦੇ ਪ੍ਰਬੰਧਕ ਇਸ ਪੱਖੋਂ ਚੌਕਸ ਹਨ। ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਗੁਰਮਹਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਹਿਲਾਂ ਹੀ ਰੈਗਿੰਗ ਕਰਨ ਦੀ ਸੂਰਤ ਵਿੱਚ ਮਿਲਣ ਵਾਲੀ ਸਜ਼ਾ ਬਾਰੇ ਜਾਣੂ ਕਰਵਾਇਆ ਜਾਵੇਗਾ। ਇੱਕ ਅਗਤਸ ਤੋਂ ਨਵਾਂ ਸੈਸ਼ਨ ਸ਼ੁਰੂ ਹੋਣ ਦੇ ਸਬੰਧ ਵਿੱਚ ਹੋਰ ਕਾਲਜਾਂ ਦੇ ਮੁਖੀਆਂ ਨੇ ਵੀ ਵਿਦਿਆਰਥੀਆਂ ਨੂੰ ਰੈਗਿੰਗ ਖਿਲਾਫ਼ ਜਾਣੂ ਕਰਵਾਉਣ ਲਈ ਪ੍ਰਬੰਧਾਂ ਬਾਰੇ ਦੱਸਿਆ।
ਦਿੱਲੀ ਯੂਨੀਵਰਸਿਟੀ ਵੀ ਅੰਡਰਗ੍ਰੈਜੁਏਟ ਵਿਦਿਆਰਥੀਆਂ ਦੇ ਨਵੇਂ ਬੈਚ ਦਾ ਸਵਾਗਤ ਕਰਨ ਲਈ ਤਿਆਰ ਹੈ। ਇਹ ਨਵਾਂ ਬੈਚ ਵੀ ਇੱਕ ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਵੀ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਦੌਰਾਨ ਇੱਕ ਮੀਟਿੰਗ ਕੀਤੀ।ਮੀਟਿੰਗ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ, ਰੈਗਿੰਗ, ਦਾਖਲੇ ਅਤੇ ਹੋਰ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇੱਕ ਤੋਂ ਅੱਠ ਅਗਸਤ, 2025 ਤੱਕ ਸਾਂਝੇ ਕੰਟਰੋਲ ਰੂਮ ਵੀ ਸਥਾਪਤ ਕੀਤੇ ਜਾਣਗੇ।