ਯਮੁਨਾ ਦੇ ਪ੍ਰਦੂਸ਼ਣ ’ਤੇ ‘ਆਪ’ ਨੇ ਭਾਜਪਾ ਨੂੰ ਘੇਰਿਆ
ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਯਮੁਨਾ ਨਦੀ ਦੇ ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ‘ਆਪ’ ਦੇ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਨੇ ਨਾ ਸਿਰਫ਼ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ, ਸਗੋਂ ਉਨ੍ਹਾਂ ਨੂੰ ਯਮੁਨਾ ਦਾ ਪਾਣੀ ਪੀਣ ਦੀ ਚੁਣੌਤੀ ਵੀ ਦਿੱਤੀ ਹੈ।
ਅੱਜ ਸਵੇਰੇ 7 ਵਜੇ ਦੇ ਕਰੀਬ ਸੌਰਭ ਭਾਰਦਵਾਜ ਨੇ ਐਕਸ ’ਤੇ ਕਾਲਿੰਦੀ ਕੁੰਜ ਨੇੜੇ ਯਮੁਨਾ ਵਿੱਚ ਤੈਰਦੀ ਜ਼ਹਿਰੀਲੀ ਚਿੱਟੀ ਝੱਗ ਦੀ ਵੀਡੀਓ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਸਰਕਾਰ ਘਬਰਾਹਟ ਵਿੱਚ ਆ ਜਾਵੇਗੀ ਅਤੇ ਝੱਗ ਨੂੰ ਲੁਕਾ
ਉਣ ਲਈ ਕੈਮੀਕਲ ਦਾ ਛਿੜਕਾਅ ਸ਼ੁਰੂ ਕਰ ਦੇਵੇਗੀ। ਵੀਡੀਓ ਵਾਇਰਲ ਹੁੰਦਿਆਂ ਹੀ ਭਾਜਪਾ ਸਰਕਾਰ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਯਮੁਨਾ ਵਿੱਚ ਕਈ ਕਿਸ਼ਤੀਆਂ ਤਾਇਨਾਤ ਕਰ ਦਿੱਤੀਆਂ ਅਤੇ ਝੱਗ ਨੂੰ ਖ਼ਤਮ ਕਰਨ ਵਾਲੇ ‘ਡੀਫੋਮਿੰਗ’ ਕੈਮੀਕਲ ਦਾ ਛਿੜਕਾਅ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਵੇਰੇ 11 ਵਜੇ ਦੇ ਕਰੀਬ ਸੌਰਭ ਭਾਰਦਵਾਜ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਕਿਸ਼ਤੀਆਂ ਨੂੰ ਯਮੁਨਾ ਵਿੱਚ ਕੈਮੀਕਲ ਛਿੜਕਦੇ ਹੋਏ ਦਿਖਾਇਆ ਗਿਆ। ਉਨ੍ਹਾਂ ਨੇ ਭਾਜਪਾ ’ਤੇ ਤਨਜ਼ ਕੱਸਦਿਆਂ ਕਿਹਾ, ‘ਇਹ ਉਹੀ ਕੈਮੀਕਲ ਹੈ ਜਿਸ ਨੂੰ ਭਾਜਪਾ ‘ਜ਼ਹਿਰ’ ਕਿਹਾ ਕਰਦੀ ਸੀ। ਅੱਜ ਉਸੇ ਕੈਮੀਕਲ ਨਾਲ ਆਪਣੀ ਨਾਕਾਮੀ ’ਤੇ ਪਰਦਾ ਪਾ ਰਹੀ ਹੈ।’ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ, ‘ਜੇ ਯਮੁਨਾ ਸੱਚਮੁੱਚ ਸਾਫ਼ ਹੈ, ਤਾਂ ਉਹ ਕਾਲਿੰਦੀ ਕੁੰਜ ਆ ਕੇ ਯਮੁਨਾ ਦਾ ਇੱਕ ਲਿਟਰ ਪਾਣੀ ਪੀ ਕੇ ਦਿਖਾਉਣ।’
