ਇੱਥੋਂ ਦੇ ਨਬੀ ਕਰੀਮ ਇਲਾਕੇ ਵਿੱਚ ਇੱਕ ਗਰਭਵਤੀ ਔਰਤ ਦੀ ਉਸ ਦੇ ਸਾਬਕਾ ਲਿਵ-ਇਨ ਪਾਰਟਨਰ ਨੇ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਹਮਲਾਵਰ ਨੂੰ ਮਾਰ ਦਿੱਤਾ। ਮ੍ਰਿਤਕਾਂ ਦੀ ਪਛਾਣ ਆਕਾਸ਼ ਦੀ ਪਤਨੀ ਸ਼ਾਲਿਨੀ (22) ਅਤੇ ਆਸ਼ੂ ਉਰਫ ਸ਼ੈਲੇਂਦਰ (34) ਵਜੋਂ ਹੋਈ ਹੈ। ਸ਼ਾਲਿਨੀ ਦੋ ਬੱਚਿਆਂ ਦੀ ਮਾਂ ਸੀ।
ਡਿਪਟੀ ਕਮਿਸ਼ਨਰ ਆਫ ਪੁਲੀਸ (ਕੇਂਦਰੀ) ਨਿਧਿਨ ਵਾਲਸਨ ਨੇ ਕਿਹਾ ਕਿ 23 ਸਾਲਾ ਆਕਾਸ਼ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਹੋਏ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਆਕਾਸ਼ ’ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਗਏ ਸਨ ਅਤੇ ਉਸ ਦਾ ਹਸਪਤਾਲ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸ਼ਨਿਚਰਵਾਰ ਰਾਤ ਲਗਪਗ 10.15 ਵਜੇ ਵਾਪਰੀ, ਜਦੋਂ ਆਕਾਸ਼ ਅਤੇ ਸ਼ਾਲਿਨੀ ਕੁਤੁਬ ਰੋਡ ’ਤੇ ਆਪਣੀ ਮਾਂ ਸ਼ੀਲਾ ਨੂੰ ਮਿਲਣ ਜਾ ਰਹੇ ਸਨ। ਇਸ ਦੌਰਾਨ ਆਸ਼ੂ ਅਚਾਨਕ ਪਹੁੰਚਿਆ ਅਤੇ ਆਕਾਸ਼ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਆਕਾਸ਼ ਪਹਿਲੇ ਵਾਰ ਤੋਂ ਬਚ ਗਿਆ, ਪਰ ਆਸ਼ੂ ਨੇ ਈ-ਰਿਕਸ਼ਾ ਵਿੱਚ ਬੈਠੀ ਸ਼ਾਲਿਨੀ ’ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ। ਡੀ ਸੀ ਪੀ ਨੇ ਕਿਹਾ, ‘ਆਕਾਸ਼ ਉਸ ਨੂੰ ਬਚਾਉਣ ਲਈ ਭੱਜਿਆ ਪਰ ਉਸ ਨੂੰ ਵੀ ਚਾਕੂ ਮਾਰ ਦਿੱਤਾ ਗਿਆ। ਝਗੜੇ ਦੌਰਾਨ ਆਕਾਸ਼ ਨੇ ਆਸ਼ੂ ਨੂੰ ਵੀ ਚਾਕੂ ਮਾਰ ਦਿੱਤਾ।’
ਪੁਲੀਸ ਨੇ ਕਿਹਾ ਕਿ ਸ਼ਾਲਿਨੀ ਦਾ ਭਰਾ ਰੋਹਿਤ ਅਤੇ ਕੁਝ ਸਥਾਨਕ ਨਿਵਾਸੀ ਤਿੰਨਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਸ਼ਾਲਿਨੀ ਅਤੇ ਆਸ਼ੂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕਿਹਾ, ‘ਜਾਂਚ ਦੌਰਾਨ ਖੁਲਾਸਾ ਹੋਇਆ ਕਿ ਸ਼ਾਲਿਨੀ ਆਪਣੀ ਮੌਤ ਦੇ ਸਮੇਂ ਗਰਭਵਤੀ ਸੀ।’