Atul Subhash Suicide ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ: ਪੁਲੀਸ ਕਮਿਸ਼ਨਰ
ਬੰਗਲੁਰੂ, 13 ਦਸੰਬਰ
ਬੰਗਲੁਰੂ ਦੇ ਪੁਲੀਸ ਕਮਿਸ਼ਨਰ ਬੀ ਦਯਾਨੰਦ ਨੇ ਸ਼ੁੱਕਰਵਾਰ ਨੂੰ ਸਪਸ਼ਟ ਕੀਤਾ ਕਿ ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ’ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲੀਸ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਮਰਾਠਾਹੱਲੀ ਪੁਲੀਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਸਮਾਜ ਅਤੇ ਸੋਸ਼ਲ ਮੀਡੀਆ ’ਤੇ ਵਿਆਪਕ ਪੱਧਰ ’ਤੇ ਚਰਚਿਤ ਇਸ ਮਾਮਲੇ ਦੀ ਜਾਂਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾ ਰਹੀ ਹੈ।
ਦਯਾਨੰਦ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਨੂੰ ਇਨਸਾਫ਼ ਦਿਵਾਉਣਾ ਸਾਡਾ ਫਰਜ਼ ਹੈ ਅਤੇ ਮੁਲਜ਼ਮਾਂ ਦਾ ਜਲਦੀ ਪਤਾ ਲਗਾਇਆ ਜਾਵੇਗਾ। ਪੁਲੀਸ ਮਾਮਲੇ ਵਿੱਚ ਸਬੂਤ ਇਕੱਠੇ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਰਨਾਟਕ ਪੁਲੀਸ ਨੇ ਮਰਹੂਮ ਅਤੁਲ ਸੁਭਾਸ਼ ਦੀ ਸੱਸ ਅਤੇ ਸਾਲੇ ਨੂੰ ਗ੍ਰਿਫਤਾਰ ਕੀਤਾ ਹੈ ਪਰ ਇਸ ਸਬੰਧੀ ਪੁਲੀਸ ਕਮਿਸ਼ਨਰ ਵੱਲੋਂ ਸਪਸ਼ਟ ਕੀਤਾ ਗਿਆ ਹੈ।
ਅਤੁਲ ਸੁਭਾਸ਼ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਸੁਪਰੀਮ ਕੋਰਟ ਨੂੰ ਮੇਲ ਭੇਜ ਕੇ ਉਨ੍ਹਾਂ ਨੂੰ ਪਰੇਸ਼ਾਨ ਪਤੀਆਂ ਦੇ ਬਚਾਅ ਲਈ ਆਉਣ ਅਤੇ ਉਸ ਦੇ ਕੇਸ ਵਿੱਚ ਦੋਸ਼ੀ ਵਿਅਕਤੀਆਂ, ਉਸਦੀ ਪਤਨੀ, ਸੱਸ ਅਤੇ ਹੋਰਾਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਸੀ। 34 ਸਾਲਾ ਅਤੁਲ ਸੁਭਾਸ਼ ਦੇ ਪਿੱਛੇ ਛੱਡੇ ਗਏ ਸੁਸਾਈਡ ਨੋਟ ਦੇ ਇੱਕ ਹਿੱਸੇ ਨੇ ਹੈਰਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕਰਨ ਤੋਂ ਇਲਾਵਾ, ਉਸ ਦੀ ਇੱਛਾ ਪ੍ਰਗਟ ਕੀਤੀ ਕਿ ਜੇਕਰ ਉਸ ਨੂੰ ਤੰਗ ਕਰਨ ਵਾਲੇ ਦੋਸ਼ੀ ਨਾ ਪਾਏ ਗਏ ਤਾਂ ਅਦਾਲਤ ਦੇ ਬਾਹਰ ਇੱਕ ਗਟਰ ਵਿੱਚ ਉਸਦੀਆਂ ਅਸਥੀਆਂ ਵਹਾਈਆਂ ਜਾਣ।
ਇੱਥੇ ਇੱਕ ਆਟੋਮੋਬਾਈਲ ਕੰਪਨੀ ਵਿੱਚ ਕੰਮ ਕਰਨ ਵਾਲੇ ਅਤੁਲ ਸੁਭਾਸ਼ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਕਿਉਂਕਿ ਪਤਨੀ ਵੱਲੋਂ ਤਲਾਕ ਲਈ 3 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਸੁਭਾਸ਼ ਨੇ ਮੰਗਲਵਾਰ ਤੜਕੇ ਆਪਣੇ ਅਪਾਰਟਮੈਂਟ ਵਿੱਚ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ, ਇੱਕ 90 ਮਿੰਟ ਦੀ ਵੀਡੀਓ ਅਤੇ 40 ਪੰਨਿਆਂ ਦਾ ਇੱਕ ਸੁਸਾਈਡ ਦਾ ਨੋਟ ਛੱਡਿਆ, ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਉਸਦੀ ਪਤਨੀ ਨਿਕਿਤਾ ਸਿੰਘਾਨੀਆ ਅਤੇ ਉਸਦੇ ਪਰਿਵਾਰ ਦੁਆਰਾ ਤੰਗ-ਪ੍ਰੇਸ਼ਾਨ ਕਰਕੇ ਉਸਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਗਿਆ।
ਉਸ ਦੁਆਰਾ ਛੱਡੇ ਗਏ ਨੋਟ ਵਿੱਚ ਲਿਖਿਆ ਹੈ: "ਜੇਕਰ ਅਦਾਲਤ ਇਹ ਫੈਸਲਾ ਕਰਦੀ ਹੈ ਕਿ ਭ੍ਰਿਸ਼ਟ ਜੱਜ ਅਤੇ ਮੇਰੀ ਪਤਨੀ ਅਤੇ ਹੋਰ ਤੰਗ ਕਰਨ ਵਾਲੇ ਦੋਸ਼ੀ ਨਹੀਂ ਹਨ, ਤਾਂ ਮੇਰੀ ਸੁਆਹ ਅਦਾਲਤ ਦੇ ਬਾਹਰ ਕਿਸੇ ਗਟਰ ਵਿੱਚ ਪਾ ਦਿਓ, ਉਦੋਂ ਤੱਕ ਮੇਰਾ 'ਅਸਥੀ ਵਿਸਰਜਨ' ਨਾ ਕਰੋ ਜਦੋਂ ਤੱਕ ਮੇਰੇ ਸਤਾਉਣ ਵਾਲਿਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ।
ਹਾਲਾਂਕਿ, ਪਰਿਵਾਰ ਨੇ ਬੁੱਧਵਾਰ ਨੂੰ ਬੰਗਲੁਰੂ ਸ਼ਮਸ਼ਾਨਘਾਟ ਤੋਂ 'ਅਸਥੀਆਂ' ਇਕੱਠੀਆਂ ਕੀਤੀਆਂ ਜਿੱਥੇ ਅਤੁਲ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਅਸਥੀਆਂ ਨੂੰ ਪਟਨਾ ਲਿਜਾਇਆ ਜਾਵੇਗਾ, ਜਿੱਥੋਂ ਇਹ ਪਰਿਵਾਰ ਮੂਲ ਰੂਪ ਤੋਂ ਹੈ ਅਤੇ ਪਰੰਪਰਾਵਾਂ ਅਨੁਸਾਰ ਇਸ ਨੂੰ ਨਦੀ ਵਿਚ ਵਹਾਇਆ ਜਾਵੇਗਾ।
ਅਤੁਲ ਨੇ ਆਪਣੇ ਪੁੱਤਰ ਲਈ ਲਿਖਿਆ ਭਾਵੁਕ ਸੰਦੇਸ਼
ਆਪਣੇ 2 ਸਾਲ ਦੇ ਬੱਚੇ ਨੂੰ ਸੰਬੋਧਿਤ ਕਰਦੇ ਹੋਏ "ਜਸਟਿਸ ਇਜ਼ ਡਿਉ" ਸਿਰਲੇਖ ਹੇਠ ਲਿਖੇ ਸੁਸਾਈਡ ਨੋਟ ਵਿੱਚ ਲਿਖਿਆ, ‘‘ਹੁਣ ਮੇਰੇ ਚਲੇ ਜਾਣ ਨਾਲ ਉਨ੍ਹਾਂ ਕੋਲ ਲੁੱਟਣ ਲਈ ਕੋਈ ਪੈਸਾ ਨਹੀਂ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਤੱਥਾਂ ਨੂੰ ਵੇਖਣਾ ਸ਼ੁਰੂ ਕਰ ਸਕਦੇ ਹਨ। ਕੇਸਾਂ ਦੇ ਕਿਸੇ ਦਿਨ ਤੁਹਾਨੂੰ ਆਪਣੀ ਮਾਂ ਅਤੇ ਉਸ ਦੇ ਲਾਲਚੀ ਪਰਿਵਾਰ ਦਾ ਅਸਲੀ ਚਿਹਰਾ ਪਤਾ ਲੱਗ ਜਾਵੇਗਾ।’’ ਅਤੁਲ ਨੇ ਲਿਖਿਅਆ ‘‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਅਤੇ ਤੁਹਾਡੀ ਰੂਹ ਨੂੰ ਨਾ ਖਾ ਜਾਣ। ਮੈਂ ਅਕਸਰ ਹੱਸਦਾ ਹਾਂ ਜਦੋਂ ਮੈਨੂੰ ਯਾਦ ਆਉਂਦਾ ਹੈ ਕਿ ਜਦੋਂ ਤੁਸੀਂ ਕਾਲਜ ਜਾਓਗੇ ਤਾਂ ਮੈਂ ਇੱਕ ਕਾਰ ਲਈ ਪੈਸੇ ਬਚਾਉਣੇ ਸ਼ੁਰੂ ਕੀਤੇ ਸਨ। ਇਹ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਕਿਸੇ ਦਾ ਵੀ ਕਰਜ਼ਦਾਰ ਨਹੀਂ ਹੋ। ਸਿਸਟਮ ’ਤੇ ਭਰੋਸਾ ਨਾ ਕਰੋ।’’ ਆਈਏਐੱਨਐੱਸ