ਜਸਟਿਸ ’ਤੇ ਹਮਲਾ: ਨਿਆਂਪਾਲਿਕਾ ਦਬਾਉਣ ਦੀ ਸਾਜ਼ਿਸ਼: ਕੇਜਰੀਵਾਲ
ਚੀਫ ਜਸਟਿਸ ਨੂੰ ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਧਮਕੀਆਂ ਦੀ ਨਿਖੇਧੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ’ਤੇ ਜੁੱਤੀ ਸੁੱਟਣ ਦੀ ਘਟਨਾ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਨੂੰ ਦਲਿਤਾਂ ਅਤੇ ਪੂਰੀ ਨਿਆਂਪਾਲਿਕਾ ਨੂੰ ਦਬਾਉਣ ਅਤੇ ਡਰਾਉਣ ਦੀ ਸਾਜ਼ਿਸ਼ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ, ਮੀਡੀਆ ਅਤੇ ਵਿਰੋਧੀ ਧਿਰ ਤੋਂ ਬਾਅਦ, ਇਹ ਲੋਕ ਹੁਣ ਨਿਆਂਪਾਲਿਕਾ ਦੀ ਆਵਾਜ਼ ਨੂੰ ਦਬਾ ਕੇ ਪੂਰੇ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੇ ਹਨ। ਨਿਆਂਪਾਲਿਕਾ ਦੀ ਆਜ਼ਾਦੀ ਸਾਡੇ ਦੇਸ਼ ਦੇ ਵਜੂਦ ਲਈ ਬਹੁਤ ਜ਼ਰੂਰੀ ਹੈ। ਇਹ ਅਪਮਾਨ ਨਾ ਸਿਰਫ਼ ਦੇਸ਼ ਦੇ ਸੰਵਿਧਾਨ ਦਾ ਅਪਮਾਨ ਹੈ, ਸਗੋਂ ਬਾਬਾ ਸਾਹਿਬ ਡਾ. ਅੰਬੇਡਕਰ ਦਾ ਵੀ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ, ਜਿਸ ਕਾਰਨ ਜੁੱਤੀ ਸੁੱਟਣ ਵਾਲਿਆਂ ਅਤੇ ਧਮਕੀਆਂ ਦੇਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਦੋਂ ਇੱਕ ਦਲਿਤ ਚੀਫ਼ ਜਸਟਿਸ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਤਾਂ ਇੱਕ ਆਮ ਦਲਿਤ ਕਿਸ ਤੋਂ ਇਨਸਾਫ਼ ਦੀ ਉਮੀਦ ਕਰ ਸਕਦਾ ਹੈ? ਇਸ ਘਟਨਾ ਤੋਂ ਬਾਅਦ ਕੋਈ ਵੀ ਜੱਜ ਹਮਲੇ ਦੇ ਡਰੋਂ ਇਨ੍ਹਾਂ ਤਾਕਤਾਂ ਵਿਰੁੱਧ ਬੋਲਣ ਤੋਂ ਗੁਰੇਜ਼ ਕਰੇਗਾ। ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਇੱਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ’ਤੇ ਜੁੱਤੀ ਸੁੱਟਣ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਰਾਹੀਂ ਇਨ੍ਹਾਂ ਲੋਕਾਂ ਨੇ ਦਲਿਤ ਭਾਈਚਾਰਾ ਅਤੇ ਨਿਆਂਪਾਲਿਕਾ ਨੂੰ ਇੱਕ ਬਹੁਤ ਹੀ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।
ਦਲਿਤਾਂ ਨੂੰ ਡਰਾਉਣ ਦੀ ਕੋਸ਼ਿਸ਼: ਆਤਿਸ਼ੀ
ਇਸ ਦੌਰਾਨ, ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਐਕਸ ’ਤੇ ਕਿਹਾ ਕਿ ਜਸਟਿਸ ਗਵਈ ’ਤੇ ਹਮਲਾ ਸਿਰਫ਼ ਇੱਕ ਵਿਅਕਤੀ ’ਤੇ ਹਮਲਾ ਨਹੀਂ ਹੈ, ਸਗੋਂ ਪੂਰੇ ਦਲਿਤ ਭਾਈਚਾਰੇ ਅਤੇ ਪੂਰੀ ਨਿਆਂਪਾਲਿਕਾ ਨੂੰ ਡਰਾਉਣ ਅਤੇ ਡਾ. ਅੰਬੇਡਕਰ ਦੇ ਸੰਵਿਧਾਨ ਦਾ ਅਪਮਾਨ ਕਰਨ ਦੀ ਕੋਸ਼ਿਸ਼ ਹੈ। ਸੱਤਾ ਵਿੱਚ ਬੈਠੇ ਹੰਕਾਰੀ ਲੋਕ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਦਲਿਤ ਭਾਈਚਾਰੇ ਦਾ ਇੱਕ ਵਿਅਕਤੀ ਸਿੱਖਿਆ ਰਾਹੀਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ’ਤੇ ਕਿਵੇਂ ਪਹੁੰਚਿਆ।