attack on Delhi CM: ਦਿੱਲੀ ਦੀ ਮੁੱਖ ਮੰਤਰੀ ਦੇ ਹਮਲੇ ਦੇ ਮਾਮਲੇ ਵਿੱਚ ਪੰਜ ਜਣਿਆਂ ਤੋਂ ਪੁੱਛ-ਪੜਤਾਲ
attack on Delhi CM: ਦਿੱਲੀ ਪੁਲੀਸ ਦੀ ਇੱਕ ਟੀਮ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਰਾਜਕੋਟ ਸ਼ਹਿਰ ਪਹੁੰਚ ਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਸਥਾਨਕ ਨਿਵਾਸੀ ਰਾਜੇਸ਼ ਸਾਕਾਰੀਆ ਨਾਲ ਜੁੜੇ ਪੰਜ ਜਣਿਆਂ ਤੋਂ ਪੁੱਛ-ਪੜਤਾਲ ਕੀਤੀ। ਇਨ੍ਹਾਂ ਪੰਜ ਜਣਿਆਂ ਵਿੱਚ ਸਾਕਾਰੀਆ ਦੇ ਦੋਸਤ ਤੇ ਪਰਿਵਾਰ ਮੈਂਬਰ ਸ਼ਾਮਲ ਹਨ। ਇੱਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜਕੋਟ ਦੇ ਕੋਠਾਰੀਆ ਰੋਡ ਇਲਾਕੇ ਦੇ ਰਹਿਣ ਵਾਲੇ 41 ਸਾਲਾ ਸਾਕਾਰੀਆ ਨੂੰ ਦਿੱਲੀ ਪੁਲੀਸ ਨੇ 20 ਅਗਸਤ ਨੂੰ ਕੌਮੀ ਰਾਜਧਾਨੀ ਵਿੱਚ 'ਜਨ ਸੁਣਵਾਈ' ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਗੁਪਤਾ ’ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਆਟੋਰਿਕਸ਼ਾ ਚਾਲਕ ਸਾਕਾਰੀਆ ਕੁੱਤਿਆਂ ਨੂੰ ਕਾਫ਼ੀ ਪਿਆਰ ਕਰਦਾ ਸੀ ਅਤੇ ਦਿੱਲੀ ਵਿੱਚ ਸਾਰੇ ਆਵਾਰਾ ਕੁੱਤਿਆਂ ਨੂੰ ਫੜ ਕੇ ਸ਼ੈਲਟਰ ਹੋਮ ਵਿੱਚ ਰੱਖਣ ਦੇ ਸੁਪਰੀਮ ਕੋਰਟ ਦੇ ਹਾਲੀਆ ਹੁਕਮਾਂ ਤੋਂ ਨਾਰਾਜ਼ ਸੀ। ਡੀਸੀਪੀ (ਰਾਜਕੋਟ ਜ਼ੋਨ-2) ਜਗਦੀਸ਼ ਬਾਂਗਰਵਾ ਨੇ ਕਿਹਾ, "ਦਿੱਲੀ ਆਉਣ ਮੌਕੇ ਸਾਕਾਰੀਆ ਆਪਣੇ ਸ਼ਹਿਰ ਦੇ ਪੰਜ ਜਣਿਆਂ ਦੇ ਸੰਪਰਕ ਵਿੱਚ ਸੀ।" ਉਨ੍ਹਾਂ ਕਿਹਾ, "ਦਿੱਲੀ ਪੁਲੀਸ ਦੀ ਇੱਕ ਟੀਮ ਰਾਜਕੋਟ ਪਹੁੰਚੀ ਅਤੇ ਪੰਜ ਜਣਿਆਂ ਤੋਂ ਪੁੱਛ-ਪੜਤਾਲ ਕੀਤੀ। ਇਸ ਵਿੱਚ ਇੱਕ ਆਟੋਰਿਕਸ਼ਾ ਚਾਲਕ ਵੀ ਸ਼ਾਮਲ ਹੈ ਜਿਸਨੇ ਗੂਗਲ ਪੇਅ ਰਾਹੀਂ ਸਾਕਾਰੀਆ ਨੂੰ 2,000 ਰੁਪਏ ਭੇਜੇ ਸਨ। ਟੀਮ ਉਸ ਤੋਂ ਪੁੱਛਗਿੱਛ ਕਰਨ ਮਗਰੋਂ ਰਵਾਨਾ ਹੋ ਗਈ।"
ਡੀਸੀਪੀ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਪੁੱਛਗਿੱਛ ਤੋਂ ਬਾਅਦ ਕਿਸੇ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਨਹੀਂ ਲਿਆ, ਪਰ ਉਨ੍ਹਾਂ ਨੇ ਆਟੋਰਿਕਸ਼ਾ ਡਰਾਈਵਰ ਨੂੰ ਨੋਟਿਸ ਦਿੱਤਾ ਹੈ ਜਿਸਨੇ ਸਾਕਾਰੀਆ ਨੂੰ ਪੈਸੇ ਟਰਾਂਸਫਰ ਕੀਤੇ ਸਨ ਅਤੇ ਉਸਨੂੰ ਹੋਰ ਪੁੱਛਗਿੱਛ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।