ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੰਡੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨਿਚਰਵਾਰ ਨੂੰ 11 ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ। ਕੋਵਿਡ-19 ਦੌਰਾਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚੈੱਕ ਵੰਡਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਸਾਲਾਂ ਤੋਂ ਲਟਕ ਰਹੀਆਂ ਸਨ। ਕੋਵਿਡ-19 ਦੌਰਾਨ ਜਦੋਂ ਪੂਰੀ ਦੁਨੀਆ ਆਪਣੇ ਘਰਾਂ ਵਿੱਚ ਸੀ, ਇਹ ਯੋਧੇ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਸਨ। ਕਿਸੇ ਵੀ ਸਫਾਈ ਕਰਮਚਾਰੀ, ਡਾਕਟਰ, ਨਰਸ ਨੇ ਛੁੱਟੀ ਨਹੀਂ ਲਈ, ਕਿਸੇ ਨੇ ਇਨਕਾਰ ਨਹੀਂ ਕੀਤਾ, ਫਿਰ ਵੀ ਪਿਛਲੀ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦਿੱਤੇ। ਉਨ੍ਹਾਂ ਸਵਾਲ ਉਠਾਇਆ ਕਿ ਪਿਛਲੀ ਸਰਕਾਰ ਇੰਨੀ ਕਿੰਨੀ ਕੁ ਰੁੱਝੀ ਹੋਈ ਸੀ ਕਿ ਉਨ੍ਹਾਂ ਨੂੰ ਸਾਲਾਂ ਤੱਕ ਯਾਦ ਨਹੀਂ ਰਿਹਾ ਕਿ ਕਰੋਨਾ ਯੋਧਿਆਂ ਨੂੰ ਸਹਾਇਤਾ ਰਾਸ਼ੀ ਵੀ ਦੇਣੀ ਹੈ। ਉਨ੍ਹਾਂ ਅੱਗੇ ਕਿਹਾ, “ਮੈਂ ਇਨ੍ਹਾਂ ਸਾਰੇ ਪਰਿਵਾਰਾਂ ਤੋਂ ਮੁਆਫ਼ੀ ਮੰਗਦੀ ਹਾਂ, ਅਤੇ ਅੱਜ ਅਸੀਂ ਇਨ੍ਹਾਂ ਨੂੰ ਉਹ ਰਾਸ਼ੀ ਸਹਾਇਤਾ ਰਾਸ਼ੀ ਵੰਡ ਦਿੱਤੀ ਹੈ, ਜਿਨ੍ਹਾਂ ਦੇ ਇਹ ਹੱਕਦਾਰ ਹਨ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਰੋਨਾ ਯੋਧਿਆਂ ਦੇ 11 ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇ ਮੁਆਵਜ਼ੇ ਦੇ ਚੈੱਕ ਸੌਂਪੇ। ਉਨ੍ਹਾਂ ਕਿਹਾ ਕਿ ਇਹ ਡਾਕਟਰਾਂ, ਨਰਸਾਂ ਅਤੇ ਸਫਾਈ ਕਰਮਚਾਰੀਆਂ ਲਈ ਹੈ ਜੋ ਮਹਾਮਾਰੀ ਦੌਰਾਨ ਡਿਊਟੀ ’ਤੇ ਸਨ। ਮੁੱਖ ਮੰਤਰੀ ਨੇ ਮ੍ਰਿਤਕ ਕਰੋਨਾ ਯੋਧਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਜੂਨ ਵਿੱਚ ਵੰਡ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸਿੰਘ ਦੀ ਇੱਕ ਟੀਮ ਬਣਾਈ ਗਈ ਸੀ। ਸਰਕਾਰ ਨੇ ਬਾਕੀ ਰਹਿੰਦੇ ਬਕਾਇਆ ਮਾਮਲਿਆਂ ਨੂੰ ਜਲਦ ਹੱਲ ਕਰਨ ਦਾ ਵਾਅਦਾ ਕੀਤਾ ਹੈ।