Ashish Sood Home Minister: ਅਸ਼ੀਸ਼ ਸੂਦ ਨੇ ਦਿੱਲੀ ਦੇ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਿਆ
ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ’ਚ ਕਾਨੂੰਨ ਤੇ ਅਮਨ ਦੀ ਸਥਿਤੀ ਤੇ ਪ੍ਰਸ਼ਾਸਨਿਕ ਕੰਮਕਾਜ ਬਾਰੇ ਚਰਚਾ ਕੀਤੀ
Advertisement
ਨਵੀਂ ਦਿੱਲੀ, 22 ਫਰਵਰੀ
ਭਾਜਪਾ ਵਿਧਾਇਕ ਅਸ਼ੀਸ਼ ਸੂਦ (Ashish Sood) ਨੇ ਅੱਜ ਦਿੱਲੀ ਦੇ ਗ੍ਰਹਿ ਮੰਤਰੀ (Delhi's Home Minister) ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮਗਰੋਂ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਅਧਿਕਾਰਤ ਮੀਟਿੰਗ ਵੀ ਕੀਤੀ। ਜਨਕਪੁਰੀ ਤੋਂ ਪਹਿਲੀ ਵਾਰ ਵਿਧਾਇਕ ਬਣੇ ਸੂਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਵਜ਼ਾਰਤ ’ਚ ਅਹਿਮ ਪੰਜਾਬੀ ਚਿਹਰਾ ਹਨ।
ਅਸ਼ੀਸ਼ ਸੂਦ ਨੇ ਅਹੁਦਾ ਸੰਭਾਲਣ ਮਗਰੋਂ ਐਕਸ ’ਤੇ ਪੋਸਟ ’ਚ ਕਿਹਾ, ‘‘ਮੈਂ ਦਿੱਲੀ ਦੇ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਪਹਿਲੀ ਅਹਿਮ ਮੀਟਿੰਗ ਕੀਤੀ।’’ ਉਨ੍ਹਾਂ ਆਖਿਆ ਕਿ ਮੀਟਿੰਗ ’ਚ ਕੌਮੀ ਰਾਜਧਾਨੀ ’ਚ ਕਾਨੂੰਨ ਤੇ ਅਮਨ ਦੀ ਸਥਿਤੀ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਕੰਮਕਾਜ ’ਚ ਸੁਧਾਰ ਬਾਰੇ ਚਰਚਾ ਕੀਤੀ ਗਈ।’’
ਸੂਦ ਨੇ ਕਿਹਾ, ‘‘ਮੈਂ ਯਕੀਨ ਦਿਵਾਉਂਦਾ ਹੈ ਕਿ ਗ੍ਰਹਿ ਵਿਭਾਗ ਪੂਰੀ ਪਾਰਦਰਸ਼ਤਾ ਤੇ ਸਮਰਪਣ ਨਾਲ ਕੰਮ ਕਰੇਗਾ।’’ ਗ੍ਰਹਿ ਵਿਭਾਗ ਤੋਂ ਇਲਾਵਾ ਅਸ਼ੀਸ਼ ਸੂਦ ਨੂੰ ਬਿਜਲੀ, ਸ਼ਹਿਰੀ ਵਿਕਾਸ, ਸਿੱਖਿਆ, ਉੱਚ ਸਿੱਖਿਆ, ਟਰੇਨਿੰਗ ਅਤੇ ਤਕਨੀਕੀ ਸਿੱਖਿਆ ਵਿਭਾਗ ਵੀ ਦਿੱਤੇ ਗਏ ਹਨ।
ਗ੍ਰਹਿ ਮੰਤਰੀ ਨੇ ਆਖਿਆ, ‘‘ਅਸੀਂ ਕਾਨੂੰਨ ਤੇ ਅਮਨ, ਆਫ਼ਤ ਪ੍ਰਬੰਧਨ, ਟਰੈਫਿਕ ਪ੍ਰਣਾਲੀ ਤੇ ਹੋਰ ਸਬੰਧਤ ਮੁੱਦਿਆਂ ਵੱਲ ਖਾਸ ਤਵੱਜੋਂ ਦੇਵਾਂਗੇ। ਸਾਡਾ ਟੀਚਾ ਦਿੱਲੀ ਨੂੰ ਇੱਕ ਅਜਿਹਾ ਸ਼ਹਿਰ ਬਣਾਉਣਾ ਹੈ, ਜਿੱਥੇ ਹਰ ਨਾਗਰਿਕ ਮਾਣ ਤੇ ਸਨਮਾਨ ਨਾਲ ਰਹਿ ਸਕੇ।’’ ਉਨ੍ਹਾਂ ਆਖਿਆ ਕਿ ਉਹ ਗਾਰੰਟੀਆਂ ਪੂਰੀਆਂ ਕਰਨ ਲਈ ਵਚਨਬੱਧ ਹਨ। -ਪੀਟੀਆਈ
Advertisement
×