ਅਰਵਿੰਦ ਕੇਜਰੀਵਾਲ, ਆਤਿਸ਼ੀ, ਅਤੇ ਸੌਰਭ ਭਾਰਦਵਾਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫ਼ੋਟੋ: ਏਐੱਨਆਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਕੱਲ੍ਹ ਇਕ ਟਰੱਕ ਭੇਜਿਆ ਗਿਆ ਸੀ ਤੇ ਅੱਜ ਦੂਜਾ ਟਰੱਕ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਰਸਦ ਦੇ ਨਾਲ ਕਮੇਟੀ ਨੇ ਲਾਂਗਰੀ ਤੇ ਹੋਰ ਸਟਾਫ ਵੀ ਭੇਜਿਆ ਹੈ ਤੇ ਪੰਜਾਬ ਵਿਚ ਹੜ੍ਹ ਪੀੜਤਾਂ ਲਈ ਕੈਂਪ ਸਥਾਪਿਤ ਕਰ ਕੇ ਲੰਗਰ ਸੇਵਾ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹੜ੍ਹਾਂ ਤੋਂ ਰਾਹਤ ਨਹੀਂ ਮਿਲ ਜਾਂਦੀ, ਇਹ ਸੇਵਾ ਜਾਰੀ ਰਹੇਗੀ। ਉਨ੍ਹਾਂ ਦਿੱਲੀ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਅਧੀਨ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਨਾਨਕ ਪਿਆਊ ਤੇ ਹੋਰ ਗੁਰੂਘਰਾਂ ਵਿੱਚ ਸੁੱਕੇ ਰਾਸ਼ਨ ਦੀ ਸੇਵਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਨਗਦ ਰਾਸ਼ੀ ਦੇਣਾ ਚਾਹੁੰਦੀ ਹੈ, ਉਹ ਕਮੇਟੀ ਦੇ ਖ਼ਾਤਿਆਂ ਵਿਚ ਜਾਂ ਗੁਰੂਘਰਾਂ ਵਿੱਚ ਨਗਦ ਰਾਸ਼ੀ ਦੇ ਕੇ ਰਸੀਦਾਂ ਪ੍ਰਾਪਤ ਕਰ ਕੇ ਸੇਵਾ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਨੂੰ ਫੌਰੀ ਰਾਹਤ ਦੀ ਜ਼ਰੂਰਤ ਸੀ ਜਿਸ ਬਾਰੇ ਸਾਡੀਆਂ ਟੀਮਾਂ ਨੇ ਸੂਚਿਤ ਕੀਤਾ ਸੀ। ਇਸ ਉਪਰੰਤ ਅਸੀਂ ਤੁਰੰਤ ਟੀਮਾਂ ਰਵਾਨਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਮੁੱਢਲੀ ਜ਼ਿੰਮੇਵਾਰੀ ਬਣਦੀ ਸੀ ਜੋ ਜ਼ਿੰਮੇਵਾਰੀ ਨਹੀਂ ਨਿਭਾ ਸਕੀ।